ਸਿੱਧੂ ਨੇ ਚੁੱਕੇ ਸਵਾਲ, ਬੀਜੇਪੀ 250 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕਰਕੇ ਘਿਰੀ ਕਸੂਤੀ

ਪਾਕਿਸਤਾਨ ‘ਚ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇਸ ਹਮਲੇ ‘ਚ 250 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਹੁਣ ਇਸ ਬਿਆਨ ‘ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਅਮਿਤ ਸ਼ਾਹ ਨੂੰ ਪੁੱਛ ਰਹੀ ਹੈ ਕਿ ਇਹ ਅੰਕੜੇ ਕਿੱਥੋਂ ਮਿਲੇ ਹਨ। ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਪੁੱਛਿਆ ਹੈ ਕਿ “ਕੀ 300 ਅੱਤਵਾਦੀ ਮਾਰੇ ਗਏ ਹਨ ਜਾਂ ਨਹੀਂ”? ਸਿੱਧੂ ਪੁਲਵਾਮਾ ਹਮਲੇ ਤੋਂ ਬਾਅਦ ਆਪਣੇ ਬਿਆਨਾਂ ਕਰਕੇ ਚਰਚਾ ‘ਚ ਛਾਏ ਹੋਏ ਹਨ।

ਸਿੱਧੂ ਨੇ ਸਭ ਤੋਂ ਪਹਿਲਾਂ ਪੁਲਵਾਮਾ ਦਹਿਸ਼ਤਗਰਦ ਹਮਲੇ ਤੋਂ ਬਾਅਦ ਬਿਆਨ ਦਿੱਤਾ ਸੀ ਤੇ ਉਹ ਵਿਵਾਦ ਵਿੱਚ ਉਲਝੇ ਸੀ। ਹਵਾਈ ਫੌਜ ਦੇ ਹਵਾਈ ਹਮਲੇ ਤੋਂ ਬਾਅਦ, ਉਨ੍ਹਾਂ ਨੇ ਇਹ ਵੀ ਕਿਹਾ ਜੇ ਸ਼ਾਂਤੀ ਵਾਪਸ ਨਹੀਂ ਲਿਆਂਦੀ ਗਈ ਤਾਂ ਵਿੰਗ ਕਮਾਂਡਰ ਅਭਿਨੰਦਨ ਜਿਹੇ ਮਸਲੇ ਫਿਰ ਹੋ ਸਕਦੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੁਲਵਾਮਾ ਹਮਲੇ ਤੋਂ 13 ਦਿਨ ਬਾਅਦ ਪਾਕਿਸਤਾਨ ‘ਚ ਹੋਏ ਹਵਾਈ ਹਮਲੇ ਬਾਰੇ ਵੱਡਾ ਬਿਆਨ ਦਿੱਤਾ।

ਅਮਿਤ ਸ਼ਾਹ ਨੇ ਗੁਜਰਾਤ ਦੇ ਅਹਿਮਦਾਬਾਦ ‘ਚ ਕਿਹਾ ਕਿ ਇਸ ਹਵਾਈ ਹਮਲੇ ‘ਚ 250 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਉਧਰ ਮੋਦੀ ਸਰਕਾਰ ਦੇ ਮੰਤਰੀ ਐਸਐਸ ਆਹਲੂਵਾਲੀਆ ਨੇ ਕਿਹਾ ਹੈ ਕਿ ਸਰਕਾਰ ਨੇ ਕਦੇ ਨਹੀਂ ਕਿਹਾ ਹੈ ਕਿ ਤਿੰਨ ਸੌ ਅੱਤਵਾਦੀ ਮਾਰੇ ਗਏ ਹਨ।