ਆਪ੍ਰੇਸ਼ਨ ਬਲੂ ਸਟਾਰ ਮੌਕੇ ਗਾਇਬ ਹੋਈ ਇਤਿਹਾਸਕ ਸਮੱਗਰੀ ਦੀ ਕੈਪਟਨ ਨੇ ਮੋਦੀ ਸਰਕਾਰ ਤੋਂ ਮੰਗੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ 1984 ਵਿੱਚ ਆਪ੍ਰੇਸ਼ਨ ਬਲੂਸਟਾਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਲਾਇਬ੍ਰੇਰੀ ਤੋਂ ਗਾਇਬ ਕੀਤੀ ਗਈ ਇਤਿਹਾਸਕ ਸਮੱਗਰੀ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਛੇਤੀ ਤੋਂ ਛੇਤੀ ਇਸ ਮੁੱਦੇ ਨੂੰ ਹੱਲ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਦੇ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਦਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਮਸਲਾ ਹੈ। ਉਨ੍ਹਾਂ ਨੇ ਕੇਂਦਰ ਵੱਲੋਂ ਲੋੜੀਂਦੀ ਸਹਾਇਤਾ ਤੇ ਸਹਿਯੋਗ ਦੀ ਉਮੀਦ ਜਤਾਈ।

ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਯੂਕੇ ਤੋਂ ਸਿੱਖ ਸੰਗਠਨ ਦੀ ਕੁਆਰਡੀਨੇਟ ਕਮੇਟੀ ਦੇ ਨੁਮਾਇੰਦਿਆਂ ਦੇ ਵਫਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤੀਆਂ ਤੇ ਯੂਕੇ ਵਿੱਚ ਸਿੱਖ ਭਾਈਚਾਰੇ ਦੇ ਸਬੰਧਾਂ ਬਾਰੇ ਕੁਝ ਮੁੱਦਿਆਂ ‘ਤੇ ਵਿਚਾਰ ਕੀਤੀ ਗਈ ਜਿਨ੍ਹਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਹਾਸਲ ਸਮੱਗਰੀ ਦਾ ਵਿਸ਼ਾ ਵੀ ਸ਼ਾਮਲ ਸੀ।

ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਉਚਿੱਤ ਪੱਧਰ ‘ਤੇ ਪ੍ਰਤੀਨਿਧ ਮੰਡਲ ਵੱਲੋਂ ਚੁੱਕੇ ਮੁੱਦਿਆਂ ‘ਤੇ ਵਿਚਾਰ ਕਰ ਰਹੀ ਹੈ ਪਰ ਇਸ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਦੇ ਦਖਲ ਦੀ ਤੁਰੰਤ ਲੋੜ ਹੈ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਯਾਦ ਕਰਾਇਆ ਕਿ ਜੂਨ 1984 ਵਿੱਚ ਸੁਰੱਖਿਆ ਬਲਾਂ ਨੇ ਸਿੱਖ ਧਰਮ ਦੇ ਬਹੁਤ ਸਾਰੀ ਕੀਮਤੀ ਤੇ ਇਤਿਹਾਸਕ ਸਮੱਗਰੀ ਖੋਹ ਲਈ ਸੀ ਜਿਸ ਦਾ ਹਾਲੇ ਤਕ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।