ਨਵਜੋਤ ਸਿੰਘ ਸਿੱਧੂ ਦੀ ਇਹ ਮੰਗ ਕੈਪਟਨ ਲਈ ਬਣ ਗਈ ਸੀ ਮੁੱਛ ਦਾ ਸਵਾਲ

ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਹੀਂ ਰਹੇ, ਉਹ ਹੁਣ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਵਜੋਂ ਵਿਧਾਨ ਸਭਾ ਵਿੱਚ ਆਪਣੀ ਸ਼ਮੂਲੀਅਤ ਕਰਨਗੇ। ਸਿੱਧੂ ਵੱਲੋਂ ਦਿੱਤਾ ਅਸਤੀਫ਼ਾ ਆਖ਼ਰਕਾਰ ਅੱਜ ਕੈਪਟਨ ਨੇ ਪ੍ਰਵਾਨ ਕਰ ਲਿਆ ਹੈ। ਦੋਵਾਂ ਦਰਮਿਆਨ ਅਜਿਹੇ ਕਈ ਕਾਰਨ ਸਨ, ਜਿਨ੍ਹਾਂ ਕਰਕੇ ਸਿੱਧੂ ਨੂੰ ਅਸਤੀਫਾ ਦੇਣਾ ਪਿਆ।

ਕੈਪਟਨ ਅਤੇ ਸਿੱਧੂ ਦਰਮਿਆਨ ਖਿੱਚੋਤਾਣ ਲੰਮੇ ਸਮੇਂ ਤੋਂ ਜਾਰੀ ਸੀ। ਦੋਵਾਂ ਦੇ ਰਿਸ਼ਤਿਆਂ ਵਿੱਚ ਖਟਾਸ ਪਿਛਲੇ ਸਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਦੇ ਰਾਹੁਲ ਗਾਂਧੀ ਨੂੰ ਕੈਪਟਨ ਮੰਨਣ ਵਾਲੇ ਬਿਆਨ ਤੋਂ ਬਾਅਦ ਜੱਗ ਜ਼ਾਹਰ ਹੋਈ। ਇਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਦੋ ਅਹਿਮ ਸੀਟਾਂ ਬਠਿੰਡਾ ਤੇ ਗੁਰਦਾਸਪੁਰ ਹਾਰ ਜਾਣ ਮਗਰੋਂ ਕੈਪਟਨ ਤੇ ਸਿੱਧੂ ਆਹਮੋ-ਸਾਹਮਣੇ ਹੀ ਹੋ ਗਏ।

ਕੈਪਟਨ ਨੇ ਸਿੱਧੂ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਵਿਭਾਗ ਦੀ ਨਾਕਾਮੀ ਕਰਕੇ ਹੀ ਕਾਂਗਰਸ ਸ਼ਹਿਰੀ ਸੀਟਾਂ ‘ਤੇ ਹਾਰੀ ਹੈ। ਇਸ ਤੋਂ ਬਾਅਦ ਸਿੱਧੂ ਨੇ ਸਰਕਾਰ ਤੋਂ ਕਿਨਾਰਾ ਕਰ ਲਿਆ ਸੀ ਅਤੇ ਫਿਰ ਮੁੱਖ ਮੰਤਰੀ ਨੇ ਬੀਤੀ ਛੇ ਜੂਨ ਨੂੰ ਕੈਬਨਿਟ ਦੀ ਰੱਦੋ-ਬਦਲ ਕਰ ਦਿੱਤੀ ਜਿਸ ਵਿੱਚ ਸਿੱਧੂ ਤੋਂ ਉਨ੍ਹਾਂ ਦਾ ਪੁਰਾਣਾ ਵਿਭਾਗ ਖੋਹ ਕੇ ਬਿਜਲੀ ਮਹਿਕਮਾ ਸੌਂਪਿਆ ਗਿਆ ਸੀ।

ਕੈਪਟਨ ਦੀ ਇਸ ਕਾਰਵਾਈ ‘ਤੇ ਸਿੱਧੂ ਖਾਸੇ ਨਾਰਾਜ਼ ਹੋ ਗਏ ਅਤੇ ਬੀਤੀ 10 ਜੂਨ ਨੂੰ ਪਾਰਟੀ ਹਾਈਕਮਾਨ ਕੋਲ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਪੇਸ਼ ਕੀਤੀ ਸੀ ਅਤੇ ਨਾਲ ਹੀ ਆਪਣਾ ਅਸਤੀਫ਼ਾ ਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਸਿੱਧੂ ਨੇ ਆਪਣੇ ਅਸਤੀਫ਼ੇ ਦਾ ਖੁਲਾਸਾ 14 ਜੁਲਾਈ ਨੂੰ ਖ਼ੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤਾ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਵੀ ਭਿਜਵਾ ਦਿੱਤਾ ਸੀ। ਇਸ ਦੌਰਾਨ ਸਿੱਧੂ ਨੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਿਆ ਜਿਸ ਕਾਰਨ ਮੁੱਖ ਮੰਤਰੀ ਦੇ ਖੇਮੇ ਵਿੱਚੋਂ ਉਨ੍ਹਾਂ ‘ਤੇ ਲਗਾਤਾਰ ਸ਼ਬਦੀ ਹਮਲੇ ਜਾਰੀ ਸਨ।

ਸਿੱਧੂ ਹਾਈਕਮਾਨ ਕੋਲ ਲਗਾਤਾਰ ਆਪਣਾ ਪੁਰਾਣਾ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈਣ ‘ਤੇ ਅੜੇ ਹੋਏ ਸਨ ਪਰ ਪਹਿਲਾਂ ਤੋਂ ਲਏ ਜਾ ਚੁੱਕੇ ਕੈਬਨਿਟ ਫੇਰਬਦਲ ਦੇ ਫੈਸਲੇ ਨੂੰ ਕੈਪਟਨ ਵੀ ਵਾਪਸ ਨਹੀਂ ਸੀ ਲੈ ਸਕਦੇ। ਕੈਪਟਨ ਨੇ ਦਿੱਲੀ ਗਏ ਹੋਏ ਸਨ ਅਤੇ ਵਾਪਸ ਪਤਰਣ ਮਗਰੋਂ 20 ਜੁਲਾਈ ਯਾਨੀ ਅੱਜ ਉਨ੍ਹਾਂ ਸਿੱਧੂ ਨੂੰ ਕੈਬਨਿਟ ਤੋਂ ਫਾਰਗ ਕਰ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਤੋਂ ਮੰਤਰੀ ਦਾ ਅਹੁਦਾ ਖੁੱਸਣ ਤੋਂ ਬਾਅਦ ਕੀ ਨਵਾਂ ਅਹੁਦਾ ਮਿਲਦਾ ਹੈ ਜਾਂ ਇਹ ਕੈਪਟਨ ਅਮਰਿੰਦਰ ਸਿੰਘ ਨਾਲ ਮੱਥਾ ਲਾਉਣ ਦੀ ਉਨ੍ਹਾਂ ਨੂੰ ਸਜ਼ਾ ਬਣ ਕੇ ਰਹਿ ਜਾਂਦਾ ਹੈ।