ਬੇਵਸੀ ਦੀ ਹੱਦ! ਪਾਣੀ ਵਿੱਚ ਫਸਿਆ ਰਿਕਸ਼ਾ ਨਹੀਂ ਨਿਕਲਿਆ ਤਾਂ ਰੋਣ ਲੱਗਾ ਮਜ਼ਦੂਰ, ਵੀਡੀਓ ਵਾਇਰਲ

ਬਿਹਾਰ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਜੀਵਨ ਬੇਹੱਦ ਪ੍ਰਭਾਵਿਤ ਹੋਇਆ ਹੈ। ਤੇਜ਼ ਮੀਂਹ ਕਾਰਨ ਪਟਨਾ ਦੀਆਂ ਗਲੀਆਂ ਸੜਕਾਂ ‘ਤੇ ਲੱਕ-ਲੱਕ ਪਾਣੀ ਭਰ ਗਿਆ ਹੈ। ਲਗਾਤਾਰ ਪਏ ਭਾਰੀ ਮੀਂਹ ਕਾਰਨ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ। ਬਾਰਸ਼ ਕਾਰਨ ਪਟਨਾ ਰੇਲਵੇ ਜੰਕਸ਼ਨ ‘ਤੇ ਜਲਥਲ ਹੋ ਗਈ। ਪਾਣੀ ਭਰਨ ਕਾਰਨ ਪਟਨਾ ਤੋਂ ਆਉਣ ਵਾਲੀਆਂ ਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਮੀਂਹ ‘ਚ ਫਸੇ ਇੱਕ ਰਿਕਸ਼ਾ ਚਾਲਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਟਨਾ ਸ਼ਹਿਰ ਦੀ ਹੈ। ਇਸ ਵੀਡੀਓ ਵਿੱਚ ਇੱਕ ਰਿਕਸ਼ਾ ਚਾਲਕ ਪਾਣੀ ਦੇ ਵਿਚਕਾਰ ਫਸਿਆ ਹੋਇਆ ਹੈ ਤੇ ਆਪਣਾ ਰਿਕਸ਼ਾ ਪਾਣੀ ਵਿੱਚੋਂ ਨਹੀਂ ਕੱਢ ਪਾ ਰਿਹਾ। ਰਿਕਸ਼ਾ ਹਟਾਉਣ ਤੋਂ ਅਸਮਰਥ ਹੋਣ ਕਰਕੇ ਉਹ ਪਾਣੀ ਵਿੱਚ ਫੜਾ ਹੀ ਰੋਣ ਲੱਗ ਪਿਆ। ਨੇੜਲੇ ਘਰ ਵਿੱਚ ਮੌਜੂਦ ਕੁਝ ਲੋਕ ਰਿਕਸ਼ਾ ਚਾਲਕ ਦੀਆਂ ਵੀਡੀਓ ਬਣਾ ਰਹੇ ਸੀ। ਵੀਡੀਓ ਬਣਾਉਣ ਵਾਲੇ ਲੋਕ ਵੀ ਰਿਕਸ਼ਾ ਚਾਲਕ ਦੀ ਮਦਦ ਦੀ ਗੱਲ ਕਰ ਰਹੇ ਹਨ। ਉਹ ਕਹਿ ਰਹੇ ਹਨ, ‘ਰਿਕਸ਼ਾ ਇਥੇ ਹੀ ਛੱਡ ਦਿਓ। ਬਾਅਦ ਵਿਚ ਲੈ ਜਾਣਾ।’

ਪਰ ਪਾਣੀ ਵਿੱਚ ਫਸਿਆ ਰਿਕਸ਼ਾ ਚਾਲਕ ਕਿਸੇ ਵੀ ਤਰ੍ਹਾਂ ਰਿਕਸ਼ਾ ਲੈ ਕੇ ਘਰ ਪਹੁੰਚਣਾ ਚਾਹੁੰਦਾ ਹੈ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਜਦੋਂ ਉਹ ਰਿਕਸ਼ੇ ਨੂੰ ਪਾਣੀ ਵਿੱਚੋਂ ਨਹੀਂ ਖਿੱਚ ਸਕਿਆ ਤਾਂ ਆਖ਼ਰ ਬੇਵੱਸ ਹੋ ਕੇ ਉਹ ਰੋਣ ਲੱਗ ਪੈਂਦਾ ਹੈ। ਉੱਧਰ ਇਸ ਵੀਡੀਓ ਤੋਂ ਬਾਅਦ ਇਸ ‘ਤੇ ਸਿਆਸਤ ਵੀ ਭਰ ਗਈ। ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਵੀਡਿਓ ਨੂੰ ਲੈ ਕੇ ਸੂਬਾ ਸਰਕਾਰ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਹਮਲਾ ਬੋਲਿਆ ਹੈ। ਆਰਜੇਡੀ ਨੇ ਕਿਹਾ, ‘ਸੰਗਠਿਤ ਸੁਸ਼ਾਸਨੀ ਭ੍ਰਿਸ਼ਟਾਚਾਰ ਦੀ ਭੇਟ ਚੜੇ ਸਮਾਰਟ ਸਿਟੀ ਦੀ ਰਕਮ ਗਬਨ ਕਰਨ ਵਾਲਿਓ ਸ਼ਰਮ ਕਰੋ। ਨਿਤੀਸ਼ ਕੁਮਾਰ- ਸੁਸ਼ੀਲ ਮੋਦੀ ਨੂੰ ਗਰੀਬਾਂ ਦੀ ਹਾਏ ਲੱਗੇਗੀ। ਅਜਿਹੀ ਵੀਡੀਓ ਵੇਖ ਕੇ ਕਲੇਜਾ ਫਟਦਾ ਹੈ।’