ਇੰਗਲੈਂਡ ਚ ਪੜਾਈ ਕਰਨ ਗਈ ਪੰਜਾਬਣ ਨੇ ਗੱਡਿਆ ਝੰਡਾ

ਸੰਗਰੂਰ ਦੀ ਜੰਮਪਲ ਚਾਹਤ ਸੇਖੋਂ ਯੂਕੇ ਵਿੱਚ ਸਿਵਲ ਸਰਵਿਸਿਜ਼ ਲਈ ਚੁਣੀ ਗਈ ਹੈ। ਉਸ ਨੇ ਬਤੌਰ ਸਿਵਲ ਅਫ਼ਸਰ ਜੁਆਇਨ ਕਰ ਲਿਆ ਹੈ। ਉਸ ਦੀ ਨਿਯੁਕਤੀ ਸਕੌਟਿਸ਼ ਸਰਕਾਰ ਯੂਕੇ ਦੇ ਵਿੱਤ ਵਿਭਾਗ ਵਿੱਚ ਬਤੌਰ ਅਰਥ ਸ਼ਾਸਤਰੀ ਹੋਈ ਹੈ। ਚਾਹਤ ਸੇਖੋਂ ਸੰਗਰੂਰ ਦੇ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਤੇ ਡਾ. ਰਾਜ ਬਾਲਾ ਸੇਖੋਂ ਦੀ ਬੇਟੀ ਹੈ। ਉਸ ਨੇ ਯੂਨੀਵਰਸਿਟੀ ਆਫ਼ ਐਡਨਬਰਗ ਸਕਾਟਲੈਂਡ ਤੋਂ 2018 ਵਿੱਚ ਅਰਥ ਸ਼ਾਸਤਰ ਤੇ ਫਾਇਨਾਂਸ ਦੀ ਐਮਐਸਸੀ ਦੀ ਡਿਗਰੀ ਪ੍ਰਾਪਤ ਕੀਤੀ ਸੀ।

ਚਾਹਤ ਨੇ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੀ ਪੜ੍ਹਾਈ ਸੰਗਰੂਰ ਤੇ ਬਾਰ੍ਹਵੀਂ ਦੀ ਪ੍ਰੀਖਿਆ ‘ਲਾਰੈਂਸ ਸਕੂਲ ਸਨਾਵਰ’ ਤੋਂ ਪਾਸ ਕੀਤੀ। ਉਸ ਨੇ ਗਰੈਜੂਏਸ਼ਨ ਦੀ ਡਿਗਰੀ (ਆਨਰਜ਼ ਇਨ ਇਕਨਾਮਿਕਸ) ਸਰਕਾਰੀ ਕਾਲਜ ਲੜਕੀਆਂ ਸੈਕਟਰ 11 ਚੰਡੀਗੜ੍ਹ ਤੋਂ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਏ ਫਸਟ ਡਵੀਜ਼ਨ ਵਿੱਚ ਕੀਤੀ।

ਸਾਲ 2017 ਵਿੱਚ ਉਸ ਨੇ ਅਰਥ ਸ਼ਾਸਤਰ ਦੇ ਵਿਸ਼ੇ ਵਿੱਚ ਉੱਚ ਵਿਦਿਆ ਹਾਸਲ ਕਰਨ ਲਈ ਯੂਨੀਵਰਸਿਟੀ ਆਫ਼ ਐਡਨਬਰਗ ਸਕਾਟਲੈਂਡ (ਯੂਕੇ) ਵਿੱਚ ਦਾਖ਼ਲਾ ਲੈ ਕੇ ਐਮਐਸਸੀ ਇਨ ਇਕਨਾਮਿਕਸ ਤੇ ਫਾਇਨਾਂਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੇ ਨਾਲ ਯੂਕੇ ਸਰਕਾਰ ਦੇ ਸਿਵਲ ਸਰਵਿਸਿਜ਼ ਇਮਤਿਹਾਨ ਦੀ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਸਫ਼ਲਤਾਪੂਰਵਕ ਪਾਸ ਕਰਕੇ ਫਾਇਨਾਂਸ ਵਿਭਾਗ ਵਿੱਚ ਸਿਵਲ ਅਫ਼ਸਰ ਜੁਆਇਨ ਕਰ ਲਿਆ ਹੈ।