ਮੌਸਮ ਦੀ ਤਬਦੀਲੀ ਕਰਕੇ ਇਸ ਵਾਰ ਕਣਕ ਦੀ ਵਾਢੀ ਸਮੇਂ ਕਿਸਾਨਾਂ ਦਾ ਹੋਵੇਗਾ ਇਹ ਵੱਡਾ ਨੁਕਸਾਨ

ਮੌਸਮ ਦੀ ਗੜਬੜੀ ਕਾਰਨ ਕਣਕ ਦੀ ਫਸਲ ਦੀ ਵਾਢੀ ਹਫ਼ਤੇ ਤਕ ਪੱਛੜ ਸਕਦੀ ਹੈ। ਹਾਲਾਂਕਿ, ਪਹਿਲੀ ਅਪਰੈਲ ਤੋਂ ਵਾਢੀ ਦੀ ਸ਼ੁਰੂਆਤ ਹੋਣੀ ਸੀ, ਪਰ ਹੁਣ ਪੱਛੜਣ ਕਾਰਨ ਕਣਕ 20 ਅਪਰੈਲ ਤਕ ਮੰਡੀਆਂ ਵਿੱਚ ਪੁੱਜੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਝਾੜ ਪ੍ਰਭਾਵਿਤ ਨਹੀਂ ਹੋਵੇਗਾ। ਕਿਸਾਨਾਂ ਦੀ ਮੰਨੀਏ ਤਾਂ ਆਮ ਤੌਰ ‘ਤੇ ਵਾਢੀ ਅਪਰੈਲ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਕੁਝ ਸਮਾਂ ਅੱਗੇ ਪੈ ਸਕਦੀ ਹੈ। ਹਾਲਾਂਕਿ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਕਾਰਨ ਥੋੜ੍ਹੀ ਬਹੁਤੀ ਕਣਕੇ ਦੇ ਵਿਛਣ ਦੀਆਂ ਖ਼ਬਰਾਂ ਹਨ।

ਕਈ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਹੇ ਹਲਕੇ ਮੀਂਹ ਦਾ ਫਸਲਾ ਨੂੰ ਫਾਇਦਾ ਹੈ, ਕਿਉਂਕਿ ਸਿੰਜਾਈ ਲਈ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ, ਇਸ ਲਈ ਹਲਕੀ ਬਾਰਸ਼ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੰਦੀ ਹੈ। ਉੱਧਰ, ਰੋਜ਼ਾਨਾ ਬਦਲ ਰਹੇ ਮੌਸਮ ਨੇ ਫਲ ਕਾਸ਼ਤਕਾਰਾਂ ਦੇ ਫਿਕਰ ਵਧਾ ਦਿੱਤੇ ਹਨ। ਕਿੰਨੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੀਂਹ ਦਾ ਕਿੰਨੂ ਦੀ ਫਸਲ ਨੂੰ ਫਾਇਦਾ ਨਹੀਂ ਬਲਕਿ ਨੁਕਸਾਨ ਹੈ। ਮੀਂਹ ਤੇ ਧੁੱਪ ਕਾਰਨ ਤਾਪਮਾਨ ਯਕਦਮ ਬਦਲਦਾ ਹੈ ਜੋ ਫਲ ਦੀ ਗੁਣਵੱਤਾ ਘਟਾ ਦਿੰਦਾ ਹੈ, ਜਿਸ ਨਾ ਨੁਕਸਾਨ ਵਧੇਰੇ ਹੁੰਦਾ ਹੈ।

ਖੇਤੀ ਅਫਸਰ ਬਲਜਿੰਦਰ ਸਿੰਘ ਬਰਾੜ ਨੇ ਵੀ ਮੌਸਮ ਕਾਰਨ ਵਾਢੀ ਦੇ ਥੋੜ੍ਹਾ ਪੱਛੜ ਜਾਣ ਦੀ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਬਦੀਲੀ ਕਾਰਨ ਪੂਰੇ ਸੀਜ਼ਨ ‘ਤੇ ਕੋਈ ਅਸਰ ਨਹੀਂ ਦਿੱਸੇਗਾ। ਖੇਤੀ ਅਫਸਰ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਹਾਲੇ ਤਕ ਖੜ੍ਹੀ ਫਸਲ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਖੇਤੀ ਮਾਹਰ ਮੰਨਦੇ ਹਨ ਕਿ ਜੇਕਰ ਮੌਸਮ ਦੀ ਤਬਦੀਲੀ ਆਉਂਦੇ ਦਿਨਾਂ ਵਿੱਚ ਇਸੇ ਤਰ੍ਹਾਂ ਹੀ ਜਾਰੀ ਰਹਿੰਦੀ ਹੈ ਤਾਂ ਵਾਢੀਆਂ ਇੱਕਦਮ ਸ਼ੁਰੂ ਹੋਣਗੀਆਂ, ਜਿਸ ਕਾਰਨ ਮੰਡੀਆਂ ‘ਤੇ ਬੋਝ ਵਧ ਸਕਦਾ ਹੈ ਤੇ ਖਰੀਦ ਪ੍ਰਬੰਧ ਸੁਸਤ ਹੋ ਸਕਦੇ ਹਨ।

ਸੁੱਖਪਾਲ ਸਿੰਘ ਖਹਿਰਾ ਵੱਲੋਂ ਵਿਧਾਨ ਸਭਾ ਮੈਂਬਰੀ ਲਈ ਬਣਾਈ ਗਈ ਰਣਨੀਤੀ ਕਾਮਯਾਬ!

ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਆਪਣੀ ਰਣਨੀਤੀ ‘ਚ ਕਾਮਯਾਬ ਰਹੇ ਹਨ। ਉਨ੍ਹਾਂ ਦੀ ਵਿਧਾਨ ਸਭਾ ਮੈਂਬਰੀ ‘ਤੇ ਤਲਵਾਰ ਕਾਫੀ ਸਮਾਂ ਪਹਿਲਾਂ ਲਟਕ ਗਈ ਸੀ ਪਰ ਉਹ ਇਸ ਮਾਮਲੇ ਨੂੰ ਲੋਕ ਸਭਾ ਚੋਣਾਂ ਦੇ ਐਲਾਨ ਤੱਕ ਟਾਲਣਾ ਚਾਹੁੰਦੇ ਸੀ। ਹੁਣ ਲੋਕ ਸਭਾ ਸਭਾ ਚੋਣਾਂ ਦੇ ਐਲਾਨ ਮਗਰੋਂ ਖਹਿਰਾ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦਾ ਨੋਟਿਸ ਮਿਲ ਗਿਆ ਹੈ। ਖਹਿਰਾ ਨੇ ਮੰਨਿਆ ਹੈ ਕਿ ਆਮ ਆਦਮੀ ਪਾਰਟੀ ਤੋਂ ਅਸਤੀਫ਼ੇ ਸਬੰਧੀ ਨੋਟਿਸ ਜਾਰੀ ਕਰਕੇ 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।

ਸੂਤਰਾਂ ਮੁਤਾਬਕ ਇਹ ਨੋਟਿਸ 11 ਮਾਰਚ ਨੂੰ ਜਾਰੀ ਕੀਤਾ ਗਿਆ ਸੀ ਪਰ ਖਹਿਰਾ ਨੇ ਇਸ ਦੀ ਪੁਸ਼ਟੀ ਵੀਰਵਾਰ ਨੂੰ ਕੀਤੀ ਹੈ। ਦਰਅਸਲ ਖਹਿਰਾ ਨਹੀਂ ਸੀ ਚਾਹੁੰਦੇ ਕੇ ਉਨ੍ਹਾਂ ਦੀ ਮੈਂਬਰੀ ਰੱਦ ਹੋਣ ਕਰਕੇ ਭੁੱਲਥ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੋਕ ਸਭਾ ਚੋਣਾਂ ਦੇ ਨਾਲ ਹੋਣ। ਇਸ ਨਾਲ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਹੋਣਾ ਸੀ। ਯਾਦ ਰਹੇ ਖਹਿਰਾ ਨੇ 6 ਜਨਵਰੀ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮਗਰੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਪੱਤਰ ਦੇ ਕੇ ਕਿਹਾ ਸੀ ਕਿ ਖਹਿਰਾ ‘ਆਪ’ ਦੀ ਟਿਕਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ ਪਰ ਹੁਣ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ,

ਜਿਸ ਕਾਰਨ ਹੁਣ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਵਿਧਾਇਕ ਦੇ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਮੰਗ ਕੀਤੀ ਸੀ ਕਿ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਖ਼ਤਮ ਕੀਤੀ ਜਾਵੇ। ਆਮ ਆਦਮੀ ਪਾਰਟੀ ਦੀ ਸ਼ਿਕਾਇਤ ਮਗਰੋਂ ਵੀ ਸਪੀਕਰ ਨੇ ਇਸ ਮਾਮਲੇ ‘ਤੇ ਬਹੁਤੀ ਸਰਗਰਮੀ ਨਹੀਂ ਵਿਖਾਈ। ਇਸ ਲਈ ਕਾਂਗਰਸ ਉੱਪਰ ਖਹਿਰਾ ਦੇ ਬਚਾਅ ਦੇ ਵੀ ਇਲਜ਼ਾਮ ਲੱਗੇ। ਇਸ ਮਗਰੋਂ ਸਪੀਕਰ ਵੱਲੋਂ ਖਹਿਰਾ ਨੂੰ ਨੋਟਿਸ ਜਾਰੀ ਕੀਤੇ ਗਏ ਪਰ ਉਨ੍ਹਾਂ ਨੇ ਲਏ ਨਹੀਂ। ਇਸ ਕਾਰਨ ਸਪੀਕਰ ਨੇ ਜਨਤਕ ਨੋਟਿਸ ਦੇਣ ਦਾ ਐਲਾਨ ਕੀਤਾ ਸੀ। ਉਪਰੰਤ ਬੀਤੇ ਦਿਨੀਂ ਖਹਿਰਾ ਖੁਦ ਵਿਧਾਨ ਸਭਾ ਪਹੁੰਚੇ ਸੀ। ਹੁਣ ਉਨ੍ਹਾਂ ਨੂੰ ਮੁੜ ਤੋਂ ਨੋਟਿਸ ਜਾਰੀ ਕੀਤਾ ਗਿਆ ਹੈ।

ਲੋਕ ਸਭਾ ਚੋਣਾਂ ਦੀਆਂ ਕੈਪਟਨ ਨੇ ਭੇਜੀਆਂ ਹਾਈਕਮਾਨ ਨੂੰ ਸਿਫਾਰਿਸ਼ਾਂ ਛਾਂਟੇ ਆਪਣੀ ਪਸੰਦ ਦੇ ਉਮੀਦਵਾਰ

ਲੋਕ ਸਭਾ ਚੋਣਾਂ ਵਿੱਚ ਆਪਣੇ ਚੋਟੀ ਦੇ ਨੇਤਾਵਾਂ ਨੂੰ ਟਿਕਟ ਦਿਵਾਉਣ ਲਈ ਮੁੱਖ ਮੰਤਰੀ ਤੇ ਕਾਂਗਰਸ ਦੀ ਸੂਬਾਈ ਕਮਾਨ ਨੇ ਆਪਣੀਆਂ ਸਿਫਾਰਸ਼ਾਂ ਹਾਈ ਕਮਾਨ ਨੂੰ ਭੇਜ ਦਿੱਤੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਮੁਤਾਬਕ ਉਮੀਦਵਾਰ ਛਾਂਟ ਲਏ ਹਨ।

ਵੀਰਵਾਰ ਨੂੰ ਲੰਮਾ ਸਮਾਂ ਚੱਲੀ ਬੈਠਕ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਯੋਗ ਦਾਅਵੇਦਾਰਾਂ ਬਾਰੇ ਗੱਲਬਾਤ ਕੀਤੀ ਗਈ। ਪਾਰਟੀ ਸੂਤਰਾਂ ਮੁਤਾਬਕ ਹਰ ਸੀਟ ਦੇ ਕੇਵਲ ਇੱਕ ਮਜ਼ਬੂਤ ਦਾਅਵੇਦਾਰਾਂ ਬਾਰੇ ਹੀ ਚਰਚਾ ਹੋਈ। ਨੇਤਾਵਾਂ ਦੇ ਇਲਾਕੇ, ਵੋਟ ਬੈਂਕ ਤੇ ਉਨ੍ਹਾਂ ਦੇ ਅਕਸ ਤੇ ਪ੍ਰਭਾਵ ਦੀ ਨਿਰਖ-ਪਰਖ ਵੀ ਕੀਤੀ ਗਈ।

ਹਾਲਾਂਕਿ, ਪੰਜਾਬ ਵਿੱਚ ਲੋਕ ਸਭਾ ਚੋਣਾਂ ਆਖਰੀ ਪੜਾਅ ਵਿੱਚ ਹਨ। ਇਸ ਲਈ ਕਾਂਗਰਸ ਕੋਲ ਆਪਣੇ ਪੱਤੇ ਖੋਲ੍ਹਣ ਦਾ ਕਾਫੀ ਸਮਾਂ ਹੈ। ਸੂਬੇ ਵਿੱਚ ਸਰਕਾਰ ਹੋਣ ਕਾਰਨ ਕਾਂਗਰਸ ਨੂੰ ਪੰਜਾਬ ਤੋਂ ਕਾਫੀ ਉਮੀਦਾਂ ਵੀ ਹਨ ਤੇ ਤਾਜ਼ਾ ਸਰਵੇਖਣਾਂ ਵਿੱਚ ਪਾਰਟੀ ਦੀ ਸਥਿਤੀ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ।

ਗੋਲੀਕਾਂਡ ਮਾਮਲੇ ਚ ਜ਼ਮਾਨਤ ਤੇ ਬਾਹਰ ਆਏ ਆਈਜੀ ਉਮਰਾਨੰਗਲ ਲਈ ਖੜੀ ਹੋਈ ਨਵੀਂ ਮੁਸੀਬਤ

ਪੰਜਾਬ ਪੁਲਿਸ ਦੇ ਮੁਅੱਤਲ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ ਲਈ ਨਿੱਤ ਨਵੀਂ ਮੁਸੀਬਤ ਖੜ੍ਹੀ ਹੋ ਰਹੀ ਹੈ। ਹਮੇਸ਼ਾਂ ਵਿਵਾਦਾਂ ਵਿੱਚ ਰਹਿਣ ਵਾਲੇ ਉਮਰਾਨੰਗਲ ਹੁਣ ਵਿਦਿਅਕ ਯੋਗਤਾ ਨੂੰ ਲੈ ਕੇ ਵਿਵਾਦ ਵਿੱਚ ਘਿਰਦੇ ਜਾ ਰਹੇ ਹਨ। ਉਂਝ ਇਹ ਵਿਵਾਦ ਪਹਿਲਾਂ ਵੀ ਉੱਠਿਆ ਸੀ ਪਰ ਉਸ ਚਰਚਾ ਹੈ ਕਿ ਉਨ੍ਹਾਂ ਨੇ ਆਪਣੇ ਅਸਰ ਰਸੂਖ ਨਾਲ ਉਸ ਨੂੰ ਦਬਾਅ ਲਿਆ ਸੀ। ਕੋਟਕਪੂਰਾ ਗੋਲੀਕਾਂਡ ਵਿੱਚ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਹੁਣ ਉਮਰਾਨੰਗਲ ਨੂੰ ਵਿਦਿਅਕ ਯੋਗਤਾ ਦੇ ਮਾਮਲੇ ‘ਤੇ ਵੀ ਘੇਰਨ ਦੀ ਤਿਆਰੀ ਕੀਤਾ ਜਾ ਰਹੀ ਹੈ। ਕੋਟਕਪੂਰਾ ਤੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਈਜੀ ਉਮਰਾਨੰਗਲ ਦੀ ਵਿਦਿਅਕ ਯੋਗਤਾ ਪਰਖਣ ਲਈ ਉਸ ਦੇ ਪੁਰਾਣੇ ਰਿਕਾਰਡ ਦੀ ਘੋਖ ਕਰਨੀ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਮੁਤਾਬਕ ਉਮਰਾਨੰਗਲ ਦੇ ਵਿੱਦਿਅਕ ਦਸਤਾਵੇਜ਼ਾਂ ਵਿੱਚ ਵੀ ਕਾਫੀ ਖਾਮੀਆਂ ਹਨ। ਇਹ ਮਾਮਲਾ ਪੰਜਾਬ ਦੇ ਗ੍ਰਹਿ ਵਿਭਾਗ ਦੇ ਧਿਆਨ ਵਿੱਚ ਸੀ ਪਰ ਕਥਿਤ ਤੌਰ ’ਤੇ ਉਮਰਾਨੰਗਲ ਦੀ ਉੱਚੀ ਪਹੁੰਚ ਕਾਰਨ ਪਿਛਲੇ ਕਰੀਬ 15 ਸਾਲਾਂ ਤੋਂ ਇਨ੍ਹਾਂ ਖਾਮੀਆਂ ’ਤੇ ਪਰਦਾ ਪਾਇਆ ਹੋਇਆ ਸੀ। ਜਾਂਚ ਟੀਮ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਾ ਕੇ ਉਮਰਾਨੰਗਲ ਦੇ ਵਿੱਦਿਅਕ ਰਿਕਾਰਡ ਦੀ ਘੋਖ ਕੀਤੀ ਹੈ। ਯੂਨੀਵਰਸਿਟੀ ਵਿੱਚੋਂ ਇਸ ਮੁਅੱਤਲ ਆਈਜੀ ਦੀ ਪੜ੍ਹਾਈ ਨਾਲ ਸਬੰਧਤ ਕੁਝ ਰਿਕਾਰਡ ਕਬਜ਼ੇ ਵਿੱਚ ਲਿਆ ਹੈ।

ਆਈਜੀ ਉਮਰਾਨੰਗਲ ਦੀ ਵਿੱਦਿਅਕ ਯੋਗਤਾ ਵਿਵਾਦਾਂ ਵਿੱਚ ਘਿਰੀ ਰਹੀ ਹੈ ਤੇ ਇਹ ਮਾਮਲਾ 2004 ਵਿੱਚ ਵੀ ਸਾਹਮਣੇ ਆਇਆ ਸੀ ਜਦੋਂ ਉਨ੍ਹਾਂ ਨੂੰ ਪੀਪੀਐਸ ਤੋਂ ਆਈਪੀਐਸ ਵਜੋਂ ਤਰੱਕੀ ਦਿੱਤੀ ਗਈ ਸੀ। ਸੂਤਰਾਂ ਅਨੁਸਾਰ ਉਮਰਾਨੰਗਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਸ਼ਨ ਕੀਤੀ ਸੀ ਤੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਦਾਖਲਾ ਵੀ ਲਿਆ ਸੀ ਪਰ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਉਹ ਪੜ੍ਹਾਈ ਛੱਡ ਗਏ ਸਨ।

ਇਸ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਤਰਸ ਦੇ ਆਧਾਰ ’ਤੇ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਨਿਯੁਕਤੀ ਦਿੱਤੀ ਸੀ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਮਨਜੀਤ ਸਿੰਘ ਨੇ ਜਾਂਚ ਟੀਮ ਵੱਲੋਂ ਯੂਨੀਵਰਸਿਟੀ ਦਾ ਦੌਰਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਯੂਨੀਵਰਸਿਟੀ ਤੋਂ ਜੋ ਜਾਣਕਾਰੀ ਮੰਗੀ ਸੀ, ਉਹ ਟੀਮ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ।

ਸੁੱਖਬੀਰ ਬਾਦਲ ਦੇ ਪਹੁੰਚਣ ਤੋ ਪਹਿਲਾਂ ਆਪਸ ਵਿਚ ਹੀ ਭਿੜੇ ਅਕਾਲੀ! ਹੱਥੋਪਾਈ ਤੱਕ ਪਹੁੰਚੀ ਗੱਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਅੰਦਰ ਵੀ ਖਿੱਚੋਤਾਣ ਵਧ ਗਈ ਹੈ। ਵੀਰਵਾਰ ਨੂੰ ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਆਪਸ ਹੀ ਖਹਿਬੜ ਪਏ। ਗੱਲ ਹੱਥੋਪਾਈ ਤੱਕ ਪਹੁੰਚ ਗਈ। ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕੋਲ ਪਹੁੰਚ ਗਿਆ ਹੈ ਜਿਸ ਮਗਰੋਂ ਉਨ੍ਹਾਂ ਨੇ ਜਲੰਧਰ ਵਿੱਚ ਹੋਣ ਵਾਲੀ ਮੀਟਿੰਗ ਵੀ ਟਾਲ ਦਿੱਤੀ ਹੈ।

ਦਰਅਸਲ ਸੁਖਬੀਰ ਬਾਦਲ ਨੇ ਜਲੰਧਰ ਛਾਉਣੀ ਹਲਕੇ ਵਿੱਚ 16 ਮਾਰਚ ਨੂੰ ਵਰਕਰਾਂ ਨਾਲ ਮੀਟਿੰਗ ਕਰਨੀ ਸੀ। ਮੀਟਿੰਗ ਨੂੰ ਲੈ ਕੇ ਹੀ ਤਿਆਰੀਆਂ ਚੱਲ਼ ਰਹੀਆਂ ਸੀ ਕਿ ਜਲੰਧਰ ਛਾਉਣੀ ਹਲਕੇ ਦੇ ਇੰਚਰਾਜ ਸਰਬਜੀਤ ਸਿੰਘ ਮੱਕੜ ਤੇ ‘ਆਪ’ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਐਚਐਸ ਵਾਲੀਆ ਵਿੱਚ ਤਿੱਖੀਆਂ ਝੜਪਾਂ ਹੋ ਗਈਆਂ। ਦੋਵੇਂ ਆਗੂਆਂ ਵਿਚਾਲੇ ਇੱਕ-ਦੂਜੇ ਦੇ ਕਾਲਰ ਫੜਨ ਤੱਕ ਨੌਬਤ ਆ ਗਈ।

ਦੱਸਿਆ ਜਾਂਦਾ ਹੈ ਕਿ ਦੋਹਾਂ ਆਗੂਆਂ ਵਿਚਾਲੇ ਤਲਖਕਲਾਮੀ ਦਾ ਮੁੱਢ ਉਦੋਂ ਬੱਝਾ ਜਦੋਂ ਬਾਠ ਕੈਸਲ ਵਿੱਚ ਵਾਲੀਆ 16 ਮਾਰਚ ਨੂੰ ਹੋਣ ਵਾਲੀ ਮੀਟਿੰਗ ਦੇ ਪ੍ਰਬੰਧ ਦੇਖ ਰਹੇ ਸਨ। ਇਸ ਦੌਰਾਨ ਉੱਥੇ ਜਦੋਂ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਪਹੁੰਚੇ ਤਾਂ ਉਹ ਵਾਲੀਆ ਨੂੰ ਦੇਖ ਕੇ ਲੋਹੇ-ਲਾਖੇ ਹੋ ਗਏ। ਇੱਥੇ ਹੀ ਦੋਵਾਂ ਲੀਡਰਾਂ ਵਿਚਾਲੇ ਝਗੜਾ ਹੋ ਗਿਆ।

ਦੇਰ ਰਾਤ ਆਈ ਅੰਮ੍ਰਿਤਸਰ ਦੇ ਵਿਚ ਧਮਾਕਿਆਂ ਦਿ ਅਵਾਜ਼ ਲੋਕਾਂ ਚ ਬਣਿਆ ਦਹਿਸ਼ਤ ਦਾ ਮਹੌਲ

ਪੰਜਾਬ ਦੇ ਅੰਮ੍ਰਿਤਸਰ ਵਿਚ ਬੁੱਧਵਾਰ, 14 ਮਾਰਚ ਦੀ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਕਾਰ ਦੋ ਤੇਜ਼ ਆਵਾਜ਼ਾਂ ਸੁਣੀਆਂ ਗਈਆਂ ਅਤੇ ਇਸ ਤੋਂ ਬਾਅਦ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ। ਅਜੇ ਤੱਕ ਇਹ ਸਾਫ ਨਹੀਂ ਹੈ ਕਿ ਆਵਾਜ਼ਾਂ ਕਿੱਥੋਂ ਆਈਆਂ। ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਦੱਸਿਆ, “ਮੈਂ ਵੀ ਆਵਾਜ਼ ਸੁਣੀ, ਸਾਰੇ ਸ਼ਹਿਰ ‘ਚ ਪਤਾ ਕਰਵਾਇਆ, ਕਿਤੋਂ ਵੀ ਕੋਈ ਅਣਹੋਣੀ ਘਟਨਾ ਦੀ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ ਇਹ ਸੋਨਿਕ ਬੂਮ ਹੋਵੇ।” ਸੋਨਿਕ ਬੂਮ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਜਹਾਜ਼ ਜਾਂ ਹੋਰ ਕੋਈ ਚੀਜ਼ ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਉੱਡਦੀ ਹੈ।

ਸੁਲਤਾਨਵਿੰਡ ਇਲਾਕੇ ਦੇ ਰਹਿਣ ਵਾਲੇ ਗੁਰ ਪ੍ਰਤਾਪ ਸਿੰਘ ਟਿੱਕਾ ਨੇ ਦੱਸਿਆ ਕਿ ਇੰਝ ਲੱਗਿਆ ਕਿ ਘਰ ਹੀ ਹਿਲ ਗਿਆ ਹੋਵੇ। ਹਰਿਮੰਦਰ ਸਾਹਿਬ ਨੇੜੇ ਰਹਿਣ ਵਾਲੇ ਸੁਮਿਤ ਚਾਵਲਾ ਨੇ ਵੀ ਆਵਾਜ਼ ਸੁਣੀ। ਸੋਸ਼ਲ ਮੀਡੀਆ ਉੱਪਰ ਇਸ ਸਰਹੱਦੀ ਇਲਾਕੇ ਦੇ ਕਈ ਲੋਕਾਂ ਨੇ ਆਵਾਜ਼ ਨੂੰ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਨਾਲ ਵੀ ਜੋੜਿਆ ਅਤੇ ‘ਬੰਬ’ ਸੁੱਟੇ ਜਾਣ ਦਾ ਡਰ ਵੀ ਜ਼ਾਹਿਰ ਕੀਤਾ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਕਿਹਾ, “ਕਿਸੇ ਅਣਹੋਣੀ ਘਟਨਾ ਦੀ ਤਾਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪਰ ਸੋਸ਼ਲ ਮੀਡੀਆ ਉੱਪਰ ਲੋਕ ਕਈ ਗੱਲਾਂ ਕਰ ਰਹੇ ਹਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕਦੀ।” ਐਡੀਸ਼ਨਲ ਪੁਲਿਸ ਕਮਿਸ਼ਨਰ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵੇਰਕਾ, ਹਰਿਮੰਦਰ ਸਾਹਿਬ ਦੇ ਨੇੜੇ ਦੇ ਇਲਾਕੇ, ਸੁਲਤਾਨਵਿੰਡ, ਛਰਹਾਟਾ, ਏਅਰਪੋਰਟ, ਰੇਲਵੇ ਸਟੇਸ਼ਨ, ਬਸ ਸਟੈਂਡ ਦੇ ਆਸ-ਪਾਸ ਅਤੇ ਹੋਰ ਕਈ ਇਲਾਕਿਆਂ ਤੋਂ ਜਾਣਕਾਰੀ ਮੰਗਵਾਈ ਪਰ ਕਿਸੇ ਘਟਨਾ ਦੀ ਰਿਪੋਰਟ ਨਹੀਂ ਮਿਲੀ।” ਪਿਛਲੇ ਮਹੀਨੇ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿਚ ਕੀਤੇ ਗਏ ਏਅਰ ਸਟ੍ਰਾਈਕ ਕਰਕੇ ਤਣਾਅ ਦਾ ਮਾਹੌਲ ਹੈ।

ਭਾਖੜਾ ਨਹਿਰ ਦੇ ਵਿੱਚੋਂ ਮਿਲੀ ਪੰਜ ਮਹੀਨੇ ਪਹਿਲਾਂ ਦੀ ਗਵਾਚੀ ਹੋਈ ਕਾਰ

ਫਤਿਹਗੜ੍ਹ ਸਾਹਿਬ ਦੇ ਨਜਦੀਕੀ ਪਿੰਡ ਸੋਂਢਾ ਹੈੱਡ ਨੇੜੇ ਪੰਜ ਮਹੀਨੇ ਲਾਪਤਾ ਹੋਈ ਕਾਰ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ਦਾ ਸਮਾਂ ਚਾਰ ਹੈ। ਜਾਣਕਾਰੀ ਦਿੰਦੇ ਏਐਸਆਈ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਗੋਤਾਖੋਰਾ ਨੇ ਸੁਚਿਤ ਕੀਤਾ ਸੀ ਭਾਖੜਾ ਨਹਿਰ ਕਾਰ ਪਈ ਹੈ। ਜਿਸ ਨੂੰ ਅੱਜ ਭਾਖੜਾ ਨਹਿਰ ਵਿਚੋ ਕਰੇਨਾ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਦਸਿਆ ਕਿ ਇਹ ਕਾਰ ਕਰੀਬ ਪੰਜ ਮਹੀਨੇ ਪਹਿਲਾ ਅਮਨਦੀਪ ਸਿੰਘ ਵਾਸੀ ਫਤਹਿਗੜ੍ਹ ਸ਼ੂਕਰ (ਅੰਮ੍ਰਿਤਸਰ) ਤੋਂ ਲਾਪਤਾ ਹੋ ਗਈ ਸੀ। ਉਨ੍ਹਾਂ ਦਸਿਆ ਕਿ ਅਮਨਦੀਪ ਸਿੰਘ ਨੇ ਪੁਲਿਸ ਨੂੰ ਦਸਿਆ ਕਿ 29 ਸਤੰਬਰ 2018 ਨੂੰ ਆਪਣੀ ਕਾਰ ਨੰਬਰ ਪੀਬੀ 02 ਡੀਐਨ 0915 ‘ਚ ਅੰਮ੍ਰਿਤਸਰ ਤੋਂ ਰੋਟਾਵੇਟਰ ਦੀ ਖਰੀਦ ਕਰਨ ਲਈ ਆਇਆ ਸੀ।

ਜਦੋ ਉਹ ਨਾਭਾ ਟੋਲ ਪਲਾਜ਼ਾ ਤੋਂ ਅੱਗੇ ਨਿਕਲਕੇ ਸੜਕ ਤੇ ਇਕ ਵਿਅਕਤੀ ਨੂੰ ਰਸਤਾ ਪੁਛਿਆ ਤਾ ਉਹ ਨੇ ਕਿਹਾ ਕਿ ਮੈ ਵੀ ਉਥੇ ਹੀ ਜਾਣਾ ਹੈ। ਉਕਤ ਅਣਪਛਾਤਾ ਵਿਅਕਤੀ ਮੇਰੀ ਕਾਰ ਵਿਚ ਬੈਠ ਗਿਆ ਤੇ ਪਟਿਆਲਾ ਏਜੰਸੀ ਵਿਚੋਂ ਰੋਟਾਵੇਟਰ ਨਹੀ ਮਿਲਿਆ ਤੇ ਜਦੋਂ ਉਹ ਏਜੰਸੀ ਤੋਂ ਬਾਹਰ ਨਿਲਿਆ ਤਾ ਅਣਪਛਾਤਾ ਵਿਅਕਤੀ ਬਾਹਰ ਖੜ੍ਹਾ ਸੀ, ਤੇ ਉਸ ਨੇ ਦਸਿਆ ਰੋਟਾਵੇਟਰ ਭਾਦਸੋਂ ਤੋਂ ਵੀ ਮਿਲਦਾ ਹੈ । ਜਦੋ ਥੋੜੀ ਦੁਰ ਆਏ ਤਾ ਮੈਨੂੰ ਨੀਂਦ ਦੀ ਝੱਪਕੀ ਲੱਗੀ ਤਾ ਅਣਪਛਾਤਾ ਵਿਅਕਤੀ ਕਹਿੰਦਾ ਕੇ ਮੈ ਗੱਡੀ ਚਲਾ ਲੈਂਦਾ ਹਾ ਤਾ ਉਸ ਨੇ ਮੇਰੀ ਗੱਡੀ ਚਲਾਉਂਣ ਲੱਗਾ। ਉਨ੍ਹਾਂ ਦਸਿਆ ਕਿ ਜਦੋ ਉਹ ਸਰਹਿੰਦ ਜੀਟੀ ਰੋਡ ਤਰਖਾਨਮਾਜਰਾ ਕੱਟ ਤੇ ਨੇੜੇ ਪੁੱਜੇ ਤਾ

ਉਥੇ ਦੋ ਵਿਅਕਤੀ ਖੜ੍ਹੇ ਸਨ ਤੇ ਉਨ੍ਹਾਂ ਨੇ ਕਾਰ ਨੂੰ ਰੋਕਣ ਲਈ ਹੱਥ ਦਿੱਤਾ ਤੇ ਮੈ ਉਸ ਅਣਪਛਾਤੇ ਵਿਅਕਤੀ ਨੂੰ ਕਾਰ ਨਾ ਰੋਕਣ ਲਈ ਕਿਹਾ ਪਰ ਉਸ ਨੇ ਕਾਰ ਰੋਕ ਲਈ ਤੇ ਉਹ ਦੋਨੋ ਵਿਅਕਤੀਆਂ ਨੇ ਆਕੇ ਮੇਰੀ ਕਾਰ ਦੀ ਤਾਕੀ ਖੋਲੀ ਤੇ ਮੇਰੇ ਮੁੰਹ ਤੇ ਸਪਰੇਅ ਟਾਇਪ ਚੀਜ਼ ਮਾਰੀ ਤੇ ਜਦੋ ਮੈਨੂੰ ਹੋਸ ਆਇਆ ਤਾ ਮੈ ਖਤਾਨਾ ਵਿਚ ਪਿਆ ਸੀ ਤੇ ਮੇਰਾ ਮੋਬਾਇਲ ਫੋਨ,55 ਹਜਾਰ ਅਤੇ ਕਾਰ ਲੈਕੇ ਅਣਪਛਾਤੇ ਵਿਅਕਤੀ ਫਰਾਰ ਹੋ ਗਏ। ਉਨ੍ਹਾਂ ਦਸਿਆ ਕਿ ਗੋਤਾਖੋਰਾ ਨੇ ਪੁਲਿਸ ਨੂੰ ਇਸ ਏਐਸਆਈ ਗੁਲਜ਼ਾਰ ਸਿੰਘ ਨੇ ਦਸਿਆ ਕਿ ਉਕਤ ਵਿਅਕਤੀ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਵ ਵਿਆਹੁਤਾ ਦੀ ਮਿਲੀ ਪਾਰਕ ਵਿੱਚੋਂ ਲਵਾਰਿਸ ਹਾਲਤ ਚ ਲਾਸ਼ ਸਰੀਰ ਤੇ ਨੇ ਇਹ ਨਿਸ਼ਾਨ

ਗਿਲਕੋ ਵੈਲੀ ‘ਚੋਂ ਮਿਲੀ ਨਵ-ਵਿਆਹੁਤਾ ਦੀ ਲਾਸ਼, ਫੈਲੀ ਸਨਸਨੀ,ਖਰੜ: ਖਰੜ ‘ਚ ਸਥਿਤ ਗਿਲਕੋ ਵੈਲੀ ‘ਚੋਂ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੀਆਈਏ ਸਟਾਫ਼ ਨੇ ਇਕ ਨਵ-ਵਿਆਹੁਤਾ ਦੀ ਲਾਸ਼ ਬਰਾਮਦ ਕੀਤੀ। ਮਹਿਲਾ ਦੀ ਉਮਰ 25 ਤੋਂ 27 ਸਾਲ ਦੱਸੀ ਜਾ ਰਹੀ ਹੈ।ਮ੍ਰਿਤਕਾ ਦੇ ਸਿਰ ‘ਤੇ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਹਨ।

ਜਦਕਿ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਦੇ ਨਿਸ਼ਾਨ ਹੋਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਹੱਤਿਆ ਦੇ ਸ਼ੱਕ ਨਾਲ ਜੋੜ ਕੇ ਦੇਖ ਰਹੀ ਹੈ। ਸੀਆਈਏ ਸਟਾਫ ਦੇ ਇੰਚਾਰਜ ਸਤਵੰਤ ਸਿੱਧੂ ਮੁਤਾਬਿਕ ਮਹਿਲਾ ਕੋਈ ਪ੍ਰਵਾਸੀ ਮਜ਼ਦੂਰ ਜਾਪਦੀ ਹੈ, ਜਿਸ ਦੀ ਖੱਬੀ ਕਲਾਈ ‘ਤੇ ਅੰਗਰੇਜ਼ੀ ਵਿੱਚ ਏ ਐੱਸ ਦਾ ਟੈਟੂ ਬਣਿਆ ਹੋਇਆ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਸੱਚਾਈ ਪਤਾ ਲਾਈ ਜਾ ਸਕੇ।

ਦੋਵਾਂ ਦੇਸ਼ਾਂ ਦੀ ਹੋਈ ਬੈਠਕ ਚ ਕਰਤਾਰਪੁਰ ਲਾਂਘੇ ਲਈ ਲਏ ਗਏ ਵੱਡੇ ਫੈਸਲੇ, ਪੈਦਲ ਜਾ ਸਕੇਗੀ ਸੰਗਤ, ਪਾਸਪੋਰਟ ਜਰੂਰੀ ਹੋਰ ਵੀ ਸ਼ਰਤਾਂ ਤੈਅ

ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਵੀਰਵਾਰ ਨੂੰ ਪਲੇਠੀ ਬੈਠਕ ਹੋਈ। ਅਟਾਰੀ ਕੌਮਾਂਤਰੀ ਸਰਹੱਦ ‘ਤੇ ਹੋਈ ਬੈਠਕ ਵਿੱਚ ਦੋਵੇਂ ਦੇਸ਼ਾਂ ਦੇ ਆਹਲਾ ਅਧਿਕਾਰੀ ਸ਼ਾਮਲ ਹੋਏ, ਜਿੱਥੇ ਉਨ੍ਹਾਂ ਇੱਕ ਦੂਜੇ ਨਾਲ ਲਾਂਘੇ ਦੇ ਵੇਰਵੇ ਸਾਂਝੇ ਕੀਤੇ ਹਨ ਤੇ ਨਾਲ ਪਾਕਿਸਤਾਨ ਕੋਲ ਹੀ ਸ਼ਰਧਾਲੂਆਂ ਦੀਆਂ ਕੁਝ ਸ਼ਰਤਾਂ ਵੀ ਰੱਖੀਆਂ ਹਨ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਇੱਕ ਦਿਨ ਵਿੱਚ ਘੱਟੋ-ਘੱਟ 5,000 ਸ਼ਰਧਾਲੂਆਂ ਦੇ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਤਿਓਹਾਰਾਂ ਜਾਂ ਹੋਰਨਾਂ ਇਤਿਹਾਸਕ ਦਿਹਾੜਿਆਂ ਮੌਕੇ ਇਹ ਗਿਣਤੀ 10,000 ਤਕ ਹੋਣੀ ਚਾਹੀਦੀ ਹੈ। ਭਾਰਤ ਸਾਢੇ ਕੁ ਚਾਰ ਕਿਲੋਮੀਟਰ ਲੰਮਾ ਲਾਂਘਾ ਬਣਾਏਗਾ, ਜਿਸ ਵਿੱਚ ਆਧੁਨਿਕ ਯਾਤਰੀ ਟਰਮੀਨਲ ਵੀ ਸ਼ਾਮਲ ਹੋਵੇਗਾ।

ਪਾਕਿਸਤਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਭਾਰਤ ਵਿੱਚ ਸ਼ਰਧਾਲੂਆਂ ਨੂੰ ਕਈ ਪ੍ਰਕਿਰਿਆਰਾਵਾਂ ਵਿੱਚੋਂ ਗੁਜ਼ਰਨਾ ਪਵੇਗਾ। ਹਾਲਾਂਕਿ, ਭਾਰਤ ਨੇ ਸ਼ਰਧਾਲੂਆਂ ਨੂੰ ਵੀਜ਼ਾ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ, ਜਿਸ ਤੋਂ ਛੋਟ ਮਿਲ ਸਕਦੀ ਹੈ ਪਰ ਫਿਰ ਵੀ ਪਾਸਪੋਰਟ ਲਾਜ਼ਮੀ ਹੋਵੇਗਾ। ਇਸ ਬਾਰੇ ਅੰਤਮ ਫੈਸਲਾ ਅਗਲੀਆਂ ਬੈਠਕਾਂ ਵਿੱਚ ਤੈਅ ਹੋ ਸਕਦਾ ਹੈ ਪਾਕਿਸਤਾਨ ਸ਼ਰਧਾਲੂਆਂ ਨੂੰ ਆਪਣੇ ਹਿੱਸੇ ਟ੍ਰਾਂਸਪੋਰਟ ਸਹੂਲਤਾਂ ਦੇਵੇਗਾ, ਪਰ ਜੇਕਰ ਸ਼ਰਧਾਲੂ ਚਾਹੁੰਣ ਤਾਂ ਉਹ ਪੈਦਲ ਵੀ ਗੁਰਦੁਆਰੇ ਤਕ ਪਹੁੰਚ ਸਕਦੇ ਹਨ। ਇਹ ਸ਼ਰਤ ਭਾਰਤ ਨੇ ਪਾਕਿਸਤਾਨ ਕੋਲ ਰੱਖੀ ਹੈ। ਹਾਲੇ ਇਸ ‘ਤੇ ਅੰਤਮ ਫੈਸਲਾ ਹੋਣਾ ਬਾਕੀ ਹੈ। ਹਾਲਾਂਕਿ, ਜੋ ਭਾਰਤੀ ਸ਼ਰਧਾਲੂ ਸਵੇਰੇ ਕਰਤਾਰਪੁਰ ਸਾਹਿਬ ਲਈ ਜਾਣਗੇ, ਉਨ੍ਹਾਂ ਨੂੰ ਸ਼ਾਮ ਨੂੰ ਵਾਪਸ ਦੇਸ਼ ਪਰਤਣਾ ਲਾਜ਼ਮੀ ਹੋਵੇਗਾ।

ਬੈਠਕ ਮਗਰੋਂ ਭਾਰਤੀ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਆਪਣੇ ਦੇਸ਼ ਦੀ ਜ਼ਮੀਨ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਨਹੀਂ ਵਰਤਣ ਦੇਵੇਗਾ, ਜਿਵੇਂ ਕਿ 2020 ਰੈਫਰੰਡਮ। ਅਧਿਕਾਰੀਆਂ ਨੇ ਦੱਸਿਆ ਕਿ ਇਸੇ ਸਬੰਧ ਵਿੱਚ ਹੁਣ ਉਹ ਦੋ ਅਪਰੈਲ ਨੂੰ ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹੱਦ ‘ਤੇ ਬੈਠਕ ਹੋਵੇਗੀ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਸ ਬੈਠਕ ਨੂੰ ਪਾਕਿਸਤਾਨ ਨਾਲ ਸ਼ਾਂਤੀ-ਵਾਰਤਾ ਦਾ ਸ਼ੁਰੂ ਹੋਣਾ ਨਾ ਸਮਝਿਆ ਜਾਵੇ। ਜੇਕਰ ਦੋਵੇਂ ਦੇਸ਼ ਹੋਰਨਾਂ ਮੁੱਦਿਆਂ ਨੂੰ ਵਿਚਾਰਨਾ ਨਹੀਂ ਚਾਹੁੰਦੇ ਤਾਂ ਕੋਈ ਗੱਲ ਨਹੀਂ, ਹੋ ਸਕਦਾ ਹੈ ਆਉਂਦੇ ਸਮੇਂ ਵਿੱਚ ਦੋਵੇਂ ਦੇਸ਼ ਗੁਰੂ ਨਾਨਕ ਦੇਵ ਦੇ ਸਰਬ-ਸਾਂਝੀਵਾਲਤਾ ਦੇ ਫਲਸਫੇ ਤੋਂ ਸੇਧ ਲੈਂਦਿਆਂ ਗਲਿਆਰਾ ਉਸਾਰਦੇ ਹੋਏ ਹੌਲੀ-ਹੌਲੀ ਗੱਲਬਾਤ ਦੇ ਰਾਹੇ ਪੈ ਜਾਣ।

ਸੁੱਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਨੂੰ ਖਤਰਾ ਮਿਲਿਆ ਵਿਧਾਨ ਸਭਾ ਸਪੀਕਰ ਵੱਲੋਂ ਭੇਜਿਆ ਨੋਟਿਸ

ਆਮ ਆਦਮੀ ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਭੇਜਿਆ ਨੋਟਿਸ ਪ੍ਰਾਪਤ ਹੋ ਗਿਆ। ਇਸ ਦੀ ਪੁਸ਼ਟੀ ਖ਼ੁਦ ਸੁਖਪਾਲ ਖਹਿਰਾ ਨੇ ਕੀਤੀ ਹੈ। ਖਹਿਰਾ ਨੇ ਕਿਹਾ ਕਿ ਮੈਨੂੰ ਨੋਟਿਸ ਮਿਲ ਗਿਆ ਹੈ ਅਤੇ ਇਸ ਦਾ ਜਲਦੀ ਜਵਾਬ ਦੇ ਦਿਆਂਗਾ। ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਨ ਸਬੰਧੀ ਜਵਾਬ ਦੇਣ ਵਾਲਾ ਨੋਟਿਸ ਉਨ੍ਹਾਂ ਨੂੰ ਅੱਜ ਹੀ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਪਿਛਲੇ ਦਿਨੀਂ ਅਕਾਲੀ ਦਲ ਵੱਲੋਂ ‘ਆਪ’ ਦੇ ਅਸਤੀਫ਼ਾ ਦੇ ਚੁੱਕੇ ਵਿਧਾਇਕਾਂ ਦੀ ਸਥਿਤੀ ਬਾਰੇ ਚੁੱਕੇ ਸਵਾਲ ‘ਤੇ ਕਿਹਾ ਸੀ ਕਿ ਖਹਿਰਾ ਨੋਟਿਸ ਪ੍ਰਾਪਤ ਨਹੀਂ ਕਰ ਰਹੇ।

ਜਦਕਿ ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ। ਇਸ ਮਗਰੋਂ ਇਹ ਵੀ ਖ਼ਬਰਾਂ ਆਈਆਂ ਸਨ ਕਿ ਖਹਿਰਾ ਨੂੰ ਨੋਟਿਸ ਜਨਤਕ ਇਸ਼ਤਿਹਾਰਬਾਜ਼ੀ ਰਾਹੀਂ ਭੇਜਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਖਹਿਰਾ ਨੂੰ ਨੋਟਿਸ ਮਿਲ ਗਿਆ ਹੈ। ਖਹਿਰਾ ਨੇ ਕਿਹਾ ਕਿ ਜਦੋਂ ਮੈਂ ਖ਼ੁਦ ਜਾ ਕੇ ਆਇਆ ਤਾਂ ਇਹ ਨੋਟਿਸ ਭੇਜਿਆ ਗਿਆ।

ਹੁਣ ਦੇਖਣਾ ਹੋਵੇਗਾ ਕਿ ਖਹਿਰਾ ਦੇ ਜਵਾਬ ਦੇਣ ਮਗਰੋਂ ਉਨ੍ਹਾਂ ਦੀ ਵਿਧਾਇਕੀ ਬਾਰੇ ਕੀ ਫੈਸਲਾ ਹੁੰਦਾ ਹੈ। ਉਂਝ ਖਹਿਰਾ ਦੀ ਪਿਛਲੀ ਪਾਰਟੀ ‘ਆਪ’ ਨੇ ਵੀ ਵਿਧਾਨ ਸਭਾ ਸਪੀਕਰ ਨੂੰ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਮੰਗ ਪੱਤਰ ਦਿੱਤਾ ਸੀ।