ਅਮਰੀਕਾ ਚ ਪੰਜਾਬੀ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਸੜਕ ਹਾਦਸੇ ਚ ਦੋ ਭਰਾਵਾਂ ਦੀ ਹੋਈ ਮੌਤ

ਅਮਰੀਕੀ ਸੂਬੇ ਇੰਡਿਆਨਾ ਵਿੱਚ ਸੜਕ ਹਾਦਸੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) ਵਜੋਂ ਹੋਈ ਹੈ। ਦੋਵੇਂ ਜਣੇ ਫਿਸ਼ਰਜ਼ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਮਮੇਰੇ ਭਰਾ ਸਨ। ਪੁਲਿਸ ਦੇ ਦੱਸਣ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਦੇਰ ਰਾਤ ਢਾਈ ਵਜੇ ਵਾਪਰਿਆ,

ਜਦ ਉਹ ਤਿੰਨ ਜਣੇ 2017 ਮਾਡਲ ਮਰਸਿਡੀਜ਼ ਬੈਂਜ਼ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਉਨ੍ਹਾਂ ਦੀ ਕਾਰ ਦਰੱਖ਼ਤ ਵਿੱਚ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨ ਕਾਰ ਵਿੱਚੋਂ ਬਾਹਰ ਡਿੱਗ ਪਏ ਤੇ ਮੌਕੇ ‘ਤੇ ਹੀ ਮੌਤ ਹੋ ਗਈ।

ਕਾਰ ਵਿੱਚ 20 ਸਾਲਾ ਗੁਰਜੋਤ ਸਿੰਘ ਸੰਧੂ ਵੀ ਮੌਜੂਦ ਸੀ, ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਘਟਨਾ ਮਗਰੋਂ ਫਿਸ਼ਰਜ਼ ਵੱਸਦੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

ਭਾਰਤੀਆਂ ਲਈ ਖੁੱਲਣ ਜਾ ਰਹੇ ਨੇ ਪੱਕੇ ਹੋਣ ਦੇ ਰਾਹ, ਅਮਰੀਕਾ ਜਾਣ ਵਾਲੇ ਪੰਜਾਬੀਆਂ ਨੂੰ ਟਰੰਪ ਨੇ ਦਿੱਤੀ ਵੱਡੀ ਖੁਸ਼ਖਬਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦੇਸ਼ ਦੀ ਪ੍ਰਵਾਸ ਨੀਤੀ ਦੀ ਕਾਇਆ ਕਲਪ ਕਰਨ ਲਈ ਮੈਰਿਟ ਆਧਾਰਤ ਇੰਮੀਗ੍ਰੇਸ਼ਨ ਲਾਗੂ ਕਰਨ ਦੀ ਸਲਾਹ ਦੇ ਸਕਦੇ ਹਨ। ਟਰੰਪ ਮੁਤਾਬਕ ਪਰਿਵਾਰਕ ਰਿਸ਼ਤਿਆਂ ਨੂੰ ਮਿਲਣ ਵਾਲੀ ਪਹਿਲ ਦੀ ਥਾਂ ਯੋਗਤਾ ਆਧਾਰਤ ਅੰਕ ਪ੍ਰਣਾਲੀ ਲਾਗੂ ਕੀਤੀ ਜਾਵੇ।

ਜੇਕਰ ਅਜਿਹਾ ਹੁੰਦਾ ਹੈ ਤਾਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਨੂੰ ਲਾਭ ਮਿਲ ਸਕਦਾ ਹੈ। ਟਰੰਪ ਇਸ ਬਾਰੇ ਐਲਾਨ ਵੀਰਵਾਰ ਨੂੰ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸੁਝਾਅ ਟਰੰਪ ਦੇ ਜਵਾਈ ਤੇ ਰਾਸ਼ਟਰਪਤੀ ਦੇ ਸਲਾਹਕਾਰ ਜੇਰਡ ਕੁਸ਼ਨਰ ਦੇ ਦਿਮਾਗ ਦੀ ਉਪਜ ਹੈ।

ਕੁਸ਼ਨਰ ਨੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਦੇਸ਼ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਪਹਿਲ ਦੇਣ ਦੀ ਤਜਵੀਜ਼ ਰੱਖੀ ਹੈ ਜੋ ਉਚੇਰੀ ਵਿੱਦਿਆ ਹਾਸਲ ਤੇ ਹੁਨਰ ਰੱਖਦੇ ਹੋਣ।ਇਸ ਸਮੇਂ ਅਮਰੀਕਾ ਵਿੱਚ ਤਕਰੀਬਨ 66% ਗਰੀਨ ਕਾਰਡ ਪਰਿਵਾਰਕ ਰਿਸ਼ਤਿਆਂ ਨੂੰ ਮਿਲਦੀ ਪਹਿਲ ਦੇ ਆਧਾਰ ‘ਤੇ ਹੀ ਦਿੱਤੇ ਜਾਂਦੇ ਹਨ ਤੇ ਸਿਰਫ 12% ਲੋਕ ਯੋਗਤਾ ਤੇ ਹੁਨਰ ਦੇ ਹਿਸਾਬ ‘ਤੇ ਅਮਰੀਕਾ ਦੇ ਸਥਾਈ ਨਾਗਰਿਕ ਬਣਦੇ ਹਨ।

ਬੇਸ਼ੱਕ, ਅਮਰੀਕੀ ਰਾਸ਼ਟਰਪਤੀ ਮੈਰਿਟ ਆਧਾਰਤ ਇਸ ਇੰਮੀਗ੍ਰੇਸ਼ਨ ਤਜਵੀਜ਼ ਨੂੰ ਪਾਸ ਕਰਨ ਲਈ ਉਹ ਆਪਣੇ ਸਾਥੀ ਰੀਪਬਲੀਕਨਜ਼ ਨੂੰ ਮਨਾ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ ਉਨ੍ਹਾਂ ਸਾਹਮਣੇ ਡੈਮੋਕ੍ਰੈਟਸ ਨੇਤਾਵਾਂ ਦੀ ਪ੍ਰਧਾਨ ਨੈਨਸੀ ਪੇਲੋਸੀ, ਸਪੀਕਰ, ਸੈਨੇਟ ‘ਚ ਘੱਟ ਗਿਣਤੀਆਂ ਦੇ ਲੀਡਰ ਚੱਕ ਸ਼ੂਮਰ ਆਦਿ ਖੜ੍ਹੇ ਹਨ, ਜੋ ਇਸ ਦੇ ਬਿਲਕੁਲ ਖ਼ਿਲਾਫ਼ ਹਨ।

ਮਾਂ ਦਾ ਦਰਦਨਾਕ ਕਾਰਾ, ਆਪਣੀ 9 ਸਾਲਾਂ ਦੀ ਮਾਸੂਮ ਧੀ ਦਾ ਗਲਾ ਘੁੱਟਕੇ ਕੀਤਾ ਕਤਲ

ਮਾਂ ਆਪਣੇ ਬੱਚੇ ਨੂੰ ਹਰ ਮੁਸੀਬਤ ਤੋਂ ਬਚਾਉਂਦੀ ਹੈ ਪਰ ਇੱਕ ਕਲਯੁੱਗੀ ਮਾਂ ਨੇ ਆਪਣੇ ਹੀ ਬੱਚੀ ਦਾ ਗਲਾ ਘੋਟ ਕੇ ਮਾਰ ਦਿੱਤਾ । ਇਹ ਦਿਲ ਦਹਿਲਾਉਣ ਵਾਲੀ ਘਟਨਾ ਅਮਰੀਕਾ ਦੀ ਹੈ ਜਿੱਥੇ ਇੱਕ ਭਾਰਤੀ ਮੂਲ ਦੀ ਔਰਤ ਵਲੋਂ ਨੌ ਸਾਲ ਦੀ ਮਤਰੱਈ ਧੀ ਦਾ ਕਤਲ ਕਰ ਦਿੱਤਾ । ਦੱਸ ਦੇਈਏ ਕਿ ਦੋਸ਼ੀ ਨੂੰ ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ । ਕੋਰਟ ਵਲੋਂ ਦੋਸ਼ੀ ਨੂੰ 25 ਸਾਲ ਤੱਕ ਦੀ ਕੈਦ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਘਟਨਾ ਦੀ ਗੱਲ ਕਰੀਏ ਤਾਂ 2016‘ਚ 55 ਸਾਲਾ ਦੀ ਸ਼ਾਮਦਈ ਅਰਜੁਨ ਵਲੋਂ ਆਪਣੀ ਧੀ ਅਸਦੀਪ ਕੌਰ ਦਾ ਕਤਲ ਕੀਤਾ ਗਿਆ ਸੀ।

ਕਾਰਜਕਾਰੀ ਡਿਸਟ੍ਰਿਕਟ ਅਟਾਰਨੀ ਜੌਨ ਰਿਆਨ ਵੱਲੋਂ ਫੈਸਲਾ ਸੁਣਾਉਂਦੇ ਹੋਏ ਕਿਹਾ ਗਿਆ ਕਿ “ਬੇਵੱਸ ਬੱਚੀ ਨਾਲ ਹੋਇਆ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ। ਉਸ ਦੀ ਦੇਖਭਾਲ ਮਤਰੱਈ ਮਾਂ ਨੇ ਕਰਨੀ ਸੀ, ਪਰ ਉਸ ਨੇ ਹੀ ਗੱਲ ਘੁੱਟ ਦਿੱਤਾ।” ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ।

ਚਸ਼ਮਦੀਦ ਦੀ ਮੰਨੀਏ ਤਾਂ 19 ਅਗਸਤ, 2016 ਦੀ ਸ਼ਾਮ ਸ਼ਾਮਦਈ ਨੂੰ ਸਾਬਕਾ ਪਤੀ ਰੇਮੰਡ ਨਾਰਾਇਣ ਅਤੇ 3 ਤੇ 5 ਸਾਲਾ ਦੇ ਦੋ ਬੱਚਿਆਂ ਨਾਲ ਕੁਈਨਜ਼ ਦੇ ਕੋਲ ਇੱਕ ਅਪਾਰਮੈਂਟ ‘ਚੋਂ ਨਿਕਲਦੇ ਦੇਖਿਆ ਸੀ। ਜਿਸ ਤੋਂ ਬਾਅਦ ਸ਼ੱਕ ਹੋਣ ‘ਤੇ ਚਸ਼ਮਦੀਦ ਵਲੋਂ ਅਸਦੀਪ ਬਾਰੇ ਪੁੱਛਿਆ ਗਿਆ ਤਾਂ ਸ਼ਾਮਦਈ ਵਲੋਂ ਬਹੁਤ ਬੇਫਿਕਰੀ ਨਾਲ ਜਵਾਬ ਦਿੱਤਾ ਗਿਆ ਕਿ ਉਹ ਬਾਥਰੂਮ ‘ਚ ਹੈ ਅਤੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਹਨਾਂ ਨਾਲ ਹੀ ਆਵੇਗੀ ।

ਬਾਅਦ ‘ਚ ਕਈ ਘੰਟਿਆਂ ਤੱਕ ਬਾਥਰੂਮ ਦੀ ਲਾਈਟ ਚੱਲਦੀ ਰਹੀ ਅਤੇ ਉਸਨੂੰ ਸ਼ੱਕ ਹੋਣ ਲੱਗਾ ਤਾਂ ਉਸ ਨੇ ਬੱਚੀ ਦੇ ਪਿਓ ਸੁਖਜਿੰਦਰ ਨੂੰ ਫੋਨ ਕੀਤਾ। ਬਾਥਰੂਮ ਦਾ ਦਰਵਾਜ਼ਾ ਤੋੜਨ ਤੋਂ ਬਾਅਦ ਦੇਖਿਆ ਅਸਦੀਪ ਦੀ ਲਾਸ਼ ਬਾਥ ਟੱਬ ‘ਚ ਸੀ ਅਤੇ ਪੂਰੇ ਸਰੀਰ ‘ਤੇ ਸੱਟਾਂ ਹੀ ਸੱਟਾਂ ਸਨ ।

ਅਮਰੀਕਾ ਦੀ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਵੀਜ਼ਾ ਮਿਆਦ ਖਤਮ ਹੋਣ ਤੇ ਵੀ ਨਹੀਂ ਕੀਤਾ ਜਾਵੇਗਾ ਵਿਦਿਆਰਥੀਆਂ ਨੂੰ ਡਿਪੋਰਟ

ਅਮਰੀਕੀ ਫੈਡਰਲ ਜੱਜ ਨੇ ਟਰੰਪ ਸਰਕਾਰ ਦੇ ਵੀਜ਼ਾ ਮਿਆਦ ਪੁੱਗ ਚੁੱਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜਣ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ। ਜੱਜ ਲੌਰੇਟਾ ਸੀ. ਬਿਗਸ ਨੇ ਅਮਰੀਕਾ ਦੀ ਪ੍ਰਵਾਸ ਏਜੰਸੀ ਯੂਐਸਸੀਆਈਐਸ ਨੂੰ ਘੱਟੋ-ਘੱਟ 10 ਸਾਲ ਤਕ ਉਡੀਕ ਕਰਨ ਲਈ ਕਿਹਾ ਹੈ ਤਾਂ ਜੋ ਪ੍ਰਕਿਰਿਆ ਵਿੱਚ ਲੋੜੀਂਦੇ ਬਦਲਾਅ ਕੀਤੇ ਜਾ ਸਕਣ।

ਜੱਜ ਬਿਗਸ ਨੇ ਕਿਹਾ ਕਿ ਵਿਦਿਆਰਥੀ ਕੁਝ ਮਾਸੂਮ ਕਾਰਨਾਂ ਕਰਕੇ ਵੀ ਆਪਣੀ ਵੀਜ਼ਾ ਮਿਆਦ ਦੀ ਉਲੰਘਣਾ ਕਰ ਜਾਂਦੇ ਹਨ। ਇਸ ਲਈ ਸਾਰੇ ਵਿਦਿਆਰਥੀਆਂ ਉੱਪਰ ਅਜਿਹੀ ਸਖ਼ਤੀ ਲਾਗੂ ਨਹੀਂ ਕੀਤੀ ਜਾ ਸਕਦੀ। ਅਮਰੀਕੀ ਅਦਾਲਤ ਦੇ ਇਸ ਫੈਸਲਾ ਦਾ ਸਭ ਤੋਂ ਵੱਧ ਸਕਾਰਾਤਮਕ ਅਸਰ ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ।

ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਪਿਛਲੇ ਅਗਸਤ ਵਿੱਚ ਫੈਸਲਾ ਲਿਆ ਸੀ ਕਿ ਜਿਹੜੇ ਕੌਮਾਂਤਰੀ ਵਿਦਿਆਰਥੀ ਆਪਣਾ ਵੀਜ਼ਾ ਪੂਰਾ ਹੋਣ ਤੋਂ 180 ਦਿਨਾਂ ਦੇ ਬਾਅਦ ਵੀ ਅਮਰੀਕਾ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦੇ ਮੂਲ ਦੇਸ਼ ਭੇਜਿਆ ਜਾਵੇ ਭਾਵ ਡਿਪੋਰਟ ਕੀਤਾ ਜਾਵੇਗਾ। ਪਰ ਹੁਣ ਅਜਿਹਾ ਨਹੀਂ ਹੋਣ ਜਾ ਰਿਹਾ, ਜੋ ਭਾਰਤੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ।

ਅਮਰੀਕਾ ਵਿਚ ਸਿੱਖ ਪਰਿਵਾਰ ਦਾ ਗੋਲੀਆਂ ਮਾਰਕੇ ਕੀਤਾ ਗਿਆ ਕਤਲ

ਅਮਰੀਕੀ ਸੂਬੇ ਓਹਾਇਓ ਦੇ ਕਸਬੇ ਵੈਸਟ ਚੈਸਟਰ ਵਿੱਚ ਸਿੱਖ ਪਰਿਵਾਰ ਦੇ ਚਾਰ ਜੀਆਂ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿੱਚ 4 ਔਰਤਾਂ ਤੇ ਇੱਕ ਮਰਦ ਸ਼ਾਮਲ ਹੈ। ਪੁਲਿਸ ਨੇ ਹਾਲੇ ਮ੍ਰਿਤਕਾਂ ਦੇ ਵੇਰਵੇ ਜਾਰੀ ਨਹੀਂ ਕੀਤੇ। ਵੈਸਟ ਚੈਸਟਰ ਪੁਲਿਸ ਮੁਤਾਬਕ ਇਹ ਵਾਰਦਾਤ ਐਤਵਾਰ ਦੀ ਰਾਤ 10 ਵਜੇ ਦੀ ਹੈ। ਕਿਸੇ ਵਿਅਕਤੀ ਨੇ 911 ‘ਤੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਸੀ। ਸੂਚਨਾ ਮਿਲਦਿਆਂ ਜਦ ਪੁਲਿਸ ਉੱਤਰੀ ਸਿਨਸਿਨਾਟੀ ਸਥਿਤ ਕੰਪਲੈਕਸ ਵਿੱਚ ਪਹੁੰਚੀ ਤਾਂ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਫਰਸ਼ ‘ਤੇ ਪਈਆਂ ਸਨ।

ਪੁਲਿਸ ਮੁਤਾਬਕ ਪਰਿਵਾਰ ਰਾਤ ਸਮੇਂ ਖਾਣਾ ਬਣਾ ਰਿਹਾ ਸੀ। ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਹੋਰ ਮੈਂਬਰਾਂ ਤੇ ਗੁਆਢੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਇਸ ਖੂਨੀ ਵਾਰਦਾਤ ਕਾਰਨ ਪੂਰੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ। ਸਿਨਸਿਟੀ ਗੁਰਦੁਆਰੇ ਦੇ ਪ੍ਰਧਾਨ ਜਸਮਿੰਦਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਸਿੱਖ ਪਰਿਵਾਰ ਦੇ ਪੁਰਸ਼ ਮ੍ਰਿਤਕ ਨੂੰ ਪਿਛਲੇ 11 ਸਾਲਾਂ ਤੋਂ ਜਾਣਦੇ ਸਨ। ਉਹ ਬਹੁਤ ਚੰਗਾ ਵਿਅਕਤੀ ਸੀ। ਪੁਲਿਸ ਨੇ ਕਿਹਾ ਹੈ ਕਿ ਮ੍ਰਿਤਕਾਂ ਨੂੰ ਕਿਸੇ ਬਾਹਰੀ ਹਮਲਾਵਰ ਵੱਲੋਂ ਹੀ ਮਾਰਿਆ ਗਿਆ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਆਪਸੀ ਝੜਪ ਦੇ ਸਬੂਤ ਨਹੀਂ ਮਿਲੇ। ਪੁਲਿਸ ਨੇ ਸਿੱਖ ਭਾਈਚਾਰੇ ਨੂੰ ਸੁਰੱਖਿਆ ਦਾ ਭਰੋਸਾ ਵੀ ਦਿੱਤਾ ਹੈ।

ਜਿਸ ਨੇ ਪਹੁੰਚਾਇਆ ਸੀ 400 ਜਾਣਿਆਂ ਨੂੰ ਅਮਰੀਕਾ ਉਸਦਾ ਅੰਤ ਹੋਇਆ ਬੁਰਾ

ਸਿਆਣੇ ਕਹਿੰਦੇ ਹਨ ਕਿ ਮਾੜੇ ਅਤੇ ਗੈਰ ਕਾਨੂੰਨੀ ਕੰਮਾਂ ਦਾ ਪਤਾ ਇੱਕ ਨਾ ਇੱਕ ਦਿਨ ਤਾਂ ਲੱਗ ਹੀ ਜਾਂਦਾ ਹੈ। ਭਾਵੇਂ ਮੁਜਰਮ ਜਿੰਨੇ ਮਰਜ਼ੀ ਚਲਾਕੀ ਵਰਤ ਲਵੇ ਪਰ ਉਸ ਦਾ ਅੰਤ ਜੇਲ ਦੀਆਂ ਸਲਾਖਾਂ ਪਿੱਛੇ ਹੀ ਹੁੰਦਾ ਹੈ। ਇਹ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਪੰਜਾਬੀ ਸ਼ਖ਼ਸ ਨੂੰ ਅਦਾਲਤ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਦਾ ਨਾਮ ਯਾਦਵਿੰਦਰ ਸਿੰਘ ਸੰਧੂ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਉਮਰ 61 ਸਾਲ ਦੇ ਲੱਗਭਗ ਹੈ।

ਦੋਸ਼ੀ ਅਲੱਗ ਅਲੱਗ ਮੁਲਕਾਂ ਤੋਂ ਮਨੁੱਖੀ ਤਸਕਰੀ ਕਰਕੇ ਗੈਰਕਾਨੂੰਨੀ ਤਰੀਕੇ ਦੇ ਨਾਲ ਉਨ੍ਹਾਂ ਨੂੰ ਅਮਰੀਕਾ ਅੰਦਰ ਦਾਖਲ ਕਰਵਾਉਂਦਾ ਸੀ। ਉਸ ਨੇ ਮੰਨਿਆ ਕਿ ਉਹ 2013 ਤੋਂ 2015 ਦੇ ਦਰਮਿਆਨ ਲਗਪਗ 400 ਜਾਣਿਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖ਼ਲ ਕਰਵਾ ਚੁੱਕਾ ਹੈ ਅਤੇ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ।

ਦੋਸ਼ੀ ਨੇ ਆਪਣੇ ਇਸ ਕੰਮ ਨੂੰ ਅੰਜਾਮ ਦੇਣ ਲਈ ਆਪਣੇ ਅਲੱਗ ਅਲੱਗ ਨਾਮ ਰੱਖੇ ਹੋਏ ਸਨ। ਹੁਣ ਇਸ ਮਾਮਲੇ ਵਿੱਚ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਕੁਝ ਪੰਜਾਬੀਆਂ ਨੇ ਦੋਸ਼ੀ ਨੂੰ 30 ਹਜ਼ਾਰ ਡਾਲਰ ਤੋਂ 85 ਹਜ਼ਾਰ ਡਾਲਰ ਅਮਰੀਕਾ ਆਉਣ ਲਈ ਦਿੱਤੇ ਹੋਏ ਹਨ ਪਰ ਹੁਣ ਅਦਾਲਤ ਵੱਲੋਂ ਉਸਨੂੰ ਪੰਜ ਸਾਲ ਦੀ ਲੰਮੀ ਕੈਦ ਸੁਣਾ ਦਿੱਤੀ ਗਈ ਹੈ।

1800 ਔਰਤਾਂ ਦੀ ਡਿਲੀਵਰੀ ਦੇ ਸਮੇਂ ਹਸਪਤਾਲ ਨੇ ਬਣਾਈ ਗੁਪਤ ਵੀਡੀਓ

ਅਮਰੀਕਾ ਦੇ ਹਸਪਤਾਲ ਨੇ 1,800 ਔਰਤਾਂ ਤੋਂ ਮੁਆਫ਼ੀ ਮੰਗੀ ਹੈ, ਕਿਉਂਕੇ ਹਸਪਤਾਲ ਨੇ ਉਨ੍ਹਾਂ ਦੇ ਜਣੇਪੇ ਤੇ ਹੋਰਨਾਂ ਗਾਇਨੋਕੌਲੀਜਿਕਲ ਸਰਜਰੀਜ਼ (ਜਨਾਨਾ ਰੋਗ) ਦੌਰਾਨ ਵੀਡੀਓ ਬਣਾਈ ਸੀ। ਇਹ ਘਟਨਾਵਾਂ ਜੁਲਾਈ 2012 ਤੋਂ ਜੂਨ 2013 ਦਰਮਿਆਨ ਵਾਪਰੀਆਂ ਸਨ।

ਸ਼ਾਰਪ ਗ੍ਰੌਸਮੋਂਟ ਹਸਪਤਾਲ ਨੇ ਸਪੱਸ਼ਟੀਕਰਨ ਦਿੱਤਾ ਕਿ ਹਸਪਤਾਲ ਵਿੱਚੋਂ ਕਈ ਤਾਕਤਵਰ ਦਵਾਈਆਂ ਦੇ ਗ਼ਾਇਬ ਹੋਣ ਮਗਰੋਂ ਸੁਰੱਖਿਆ ਦੇ ਲਿਹਾਜ਼ ਨਾਲ ਕੈਮਰੇ ਲਾਏ ਗਏ ਸਨ। ਇਨ੍ਹਾਂ ਵਿੱਚ ਹੀ ਔਰਤਾਂ ਦੀ ਜਣੇਪੇ ਦੌਰਾਨ ਵੀਡੀਓ ਬਣ ਗਈ ਸੀ।

ਹਸਪਤਾਲ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਕਦੇ ਵੀ ਨਹੀਂ ਵਾਪਰੇਗਾ, ਕਿਉਂਕਿ ਜੋ ਦਵਾਈਆਂ ਚੋਰੀ ਕਰਦਾ ਸੀ ਉਹ ਵਿਅਕਤੀ ਹੁਣ ਹਸਪਤਾਲ ਵਿੱਚ ਕੰਮ ਨਹੀਂ ਕਰਦਾ। ਇਸ ਲਈ ਉਨ੍ਹਾਂ ਦੱਸਿਆ ਕਿ ਇਹ ਨਿਗਰਾਨੀ ਸਿਸਟਮ ਹਟਾ ਲਿਆ ਗਿਆ ਹੈ। ਹਸਪਤਾਲ ‘ਤੇ 81 ਔਰਤਾਂ ਨੇ ਕੇਸ ਦਾਇਰ ਕੀਤਾ ਸੀ।

ਅਮਰੀਕਾ ਦੇ ਵਿਚ ਵਸਣ ਦਾ ਸੁਪਨਾ ਦੇਖਣ ਵਾਲਿਆਂ ਲਈ ਆਈ ਬਹੁਤ ਵਧੀਆ ਖਬਰ

ਅਮਰੀਕਾ ਜਲਦ ਹੀ ਗ਼ੈਰਕਾਨੂੰਨੀ ਤੌਰ ‘ਤੇ ਰਹਿ ਰਹੇ 25 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਨਾਗਰਿਕਤਾ ਦੇ ਸਕਦਾ ਹੈ। ਡੈਮੋਕ੍ਰੈਟਿਕ ਪਾਰਟੀ ਦੇ ਕੰਟਰੋਲ ਵਾਲੇ ਸੰਸਦ ਦੇ ਹੇਠਲੇ ਸਦਨ ਵਿਚ ‘ਦਾ ਡ੍ਰੀਮ ਐਂਡ ਪ੍ਰੌਮਿਸ ਐਕਟ 2019’ ਪੇਸ਼ ਕੀਤਾ ਹੈ। ਇਹ ਐਕਟ ਉਨ੍ਹਾਂ ਪ੍ਰਵਾਸੀਆਂ ਲਈ ਵੱਡੀ ਰਾਹਤ ਸਾਬਤ ਹੋਵੇਗਾ ਜਿਨ੍ਹਾਂ ਨੂੰ ਕਿਸੇ ਵੀ ਵੇਲੇ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਮੈਕਸੀਕੋ ਦੀ ਸਰਹੱਦ ‘ਤੇ ਕੰਧ ਖੜੀ ਕਰਨ ਦੀਆਂ ਤਿਆਰੀਆਂ ਦਰਮਿਆਨ ਡੈਮੋਕ੍ਰੈਟਿਕ ਪਾਰਟੀ ਦਾ ਤਜਵੀਜ਼ਸ਼ੁਦਾ ਕਾਨੂੰਨ ਨਾਬਾਲਗ ਉਮਰ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ

ਅਮਰੀਕਾ ਦੀ ਧਰਤੀ ‘ਤੇ ਕਦਮ ਰੱਖਣ ਵਾਲਿਆਂ ਲਈ ਗਰੀਨ ਕਾਰਡ ਅਤੇ ਬਾਅਦ ਵਿਚ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਕਰਦਾ ਹੈ। ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਨੇ ਸਦਨ ਵਿਚ ਐਕਟ ਪੇਸ਼ ਕਰਦਿਆਂ ਸਾਬਕਾ ਰਾਸ਼ਟਰਪਤੀ ਰੌਨਲਡ ਰੀਗਲ ਦੀ ਮਿਸਾਲ ਦਿਤੀ ਜਿਨ੍ਹਾਂ ਨੇ 1986 ਵਿਚ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਆਮ ਮੁਆਫ਼ੀ ਦੇਣ ਲਈ ਕਾਨੂੰਨ ‘ਤੇ ਦਸਤਖ਼ਤ ਕੀਤੇ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨਾ ਬੇਹੱਦ ਜ਼ਰੂਰੀ ਹੈ।

ਜੋ ਹਰ ਲਿਹਾਜ਼ ਤੋਂ ਅਮੈਰਿਕਨ ਬਣ ਚੁੱਕੇ ਹਨ। ਅਜਿਹਾ ਕੋਈ ਵੀ ਕਦਮ ਸਿਆਸੀ ਹੱਦਾਂ ਤੋਂ ਉਪਰ ਉਠ ਕੇ ਵਧਾਇਆ ਜਾਣਾ ਚਾਹੀਦਾ ਹੈ। ਹਮਲੈਂਡ ਸਕਿਉਰਟੀ ਬਾਰੇ ਸਦਨ ਦੀ ਸਬ-ਕਮੇਟੀ ਦੀ ਮੁਖੀ ਲੂਸਿਲ ਰੋਇਬਾਲ ਅਲਾਰਡ ਬਿਲ ਦੀ ਮੁੱਖ ਸਪੌਂਸਰ ਹੈ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਦੋ ਹੋਰ ਮੈਂਬਰ ਇਸ ਸਹਿ-ਸਪੌਂਸਰ ਹਨ।ਉਧਰ ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਤਜਵੀਜ਼ਸ਼ੁਦਾ ਬਿਲ ਨੂੰ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੀ ਸੈਨੇਟ ਵਿਚ ਅੜਿੱਕਿਆਂ ਦਾ ਸਾਹਮਣਾ ਕਰਨਾ ਪਵੇਗਾ।

ਸਕੂਲਾਂ ਤੇ ਕਾਲਜਾਂ ਨੂੰ ਕੀਤਾ ਗਿਆ ਬਮ ਤੂਫਾਨ ਦੀ ਦਹਿਸ਼ਤ ਕਰਕੇ ਬੰਦ, 1339 ਉਡਾਨਾਂ ਵੀ ਹੋਈਆਂ ਰੱਦ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ ਹੋ ਗਿਆ ਹੈ। ਤੂਫਾਨ ਦਾ ਨਾਂਅ ਬਮ ਸਾਈਕਲੋਨ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ 110 ਕਿਮੀ/ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਉਮੀਦ ਜਤਾਈ ਹੈ। 1139 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਰਕਾਰੀ ਦਫਤਰ, ਸਕੂਲ ਤੇ ਬਾਜ਼ਾਰ ਵੀ ਬੰਦ ਕਰ ਦਿੱਤੇ ਗਏ ਹਨ। ਨੈਸ਼ਨਲ ਮੌਸਮ ਸੇਵਾ ਨੇ ਤੂਫਾਨ ਦੇ ਮੱਦੇਨਜ਼ਰ ਕੋਲੋਰਾਡੋ, ਨੈਰਬਾਸਕਾ ਤੇ ਨਾਰਥ-ਸਾਊਥ ਡਕੋਟਾ ਦੇ ਲੋਕਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ।

ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਤੇ ਯਾਤਰਾ ਨੂੰ ਟਾਲਣ ਦੀ ਅਪੀਲ ਕੀਤੀ ਗਈ ਹੈ। ਜੇਕਰ ਹੋ ਸਕੇ ਤਾਂ ਖਰੀਦਾਰੀ ਵੀ ਘਰ ਨੇ ਨੇੜੇ ਕਰਨ ਨੂੰ ਕਿਹਾ ਗਿਆ ਹੈ। ਇਹ ਠੰਢ ‘ਚ ਆਉਣ ਵਾਲਾ ਅਜਿਹਾ ਤੂਫਾਨ ਹੈ ਜਿਸ ‘ਚ 24 ਘੰਟੇ ਦੇ ਬੈਰੋਮੀਟ੍ਰਿਕ ਦਬਾਅ 24 ਮਿਲੀਬਾਰ ਡਿੱਗ ਗਿਆ। ਡੇਨਵਰ ਪੁਲਿਸ ਨੂੰ ਤੇਜ਼ ਹਵਾਵਾਂ ਨਾਲ 110 ਐਕਸੀਡੈਂਟ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਘਰ ਤੋਂ ਬਾਹਰ ਜਾਣ ਸਮੇਂ ਸਾਵਧਾਨੀ ਵਰਤਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਕਾਰ ਦੀ ਹੈੱਡਲਾਈਟਾਂ ਆਨ ਤੇ ਸ਼ੀਸ਼ੇ ਦਾ ਵਾਈਪਰ ਚਾਲੂ ਰੱਖਣ ਨੂੰ ਕਿਹਾ ਹੈ।

ਏਅਰਪੋਰਟ ਦੇ ਬੁਲਾਰੇ ਮੁਤਾਬਕ 1339 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਡੇਨਵਰ ਦੇ 7 ਕਾਉਂਟੀ ਸਕੂਲਾਂ ‘ਚ ਛੁੱਟੀਆਂ ਤੇ ਸਰਕਾਰੀ ਦਫਤਰ, ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਉਧਰ ਡਲਾਸ ‘ਚ ਵੀ ਇੱਕ ਲੱਖ ਲੋਕਾਂ ਦੇ ਘਰਾਂ ‘ਚ ਵੀ ਬਿਜਲੀ ਨਹੀਂ ਹੈ।

ਅਮਰੀਕਾ ਵਿਚ ਸਿੱਖ ਤੇ ਕੀਤਾ ਗਿਆ ਮੁਸਲਮਾਨ ਸਮਝ ਕੇ ਹਮਲਾ

ਅਮਰੀਕਾ ਦੇ ਕੈਲੇਫੋਰਨੀਆ ‘ਚ ਮੁਸਲਮਾਨ ਸਮਝੇ ਜਾਣ ਕਰਕੇ ਸਿੱਖ ਕਲਰਕ ਨੂੰ ਨਸਲੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਸ਼ਨਾਖ਼ਤ ਜੌਹਨ ਕ੍ਰਾਇਨ ਵਜੋਂ ਹੋਈ ਹੈ। ਮੁਲਜ਼ਮ ਨੇ ਸਿੱਖ ਵਿਅਕਤੀ ਦੇ ਘਸੁੰਨ ਮਾਰੇ ਤੇ ਤੱਤੀ ਕੌਫ਼ੀ ਵੀ ਉਸ ਦੇ ਚਿਹਰੇ ‘ਤੇ ਸੁੱਟ ਦਿੱਤੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਬੀਤੇ ਬੁੱਧਵਾਰ ਮੈਰਿਸਵਿਲੇ ਰਾਤ ਦੇ ਦੋ ਵਜੇ ਕ੍ਰਾਇਨ ਨੇ ਸਟੋਰ ‘ਤੇ ਪਹੁੰਚ ਕੇ ਖ਼ੁਦ ਕੌਫ਼ੀ ਤਿਆਰ ਕੀਤੀ, ਜਿੱਥੇ ਸਿੱਖ ਵਿਅਕਤੀ ਕਲਰਕ ਵਜੋਂ ਨੌਕਰੀ ਕਰਦਾ ਹੈ। ਜਦ ਕ੍ਰਾਇਨ ਬਗ਼ੈਰ ਪੈਸੇ ਦਿੱਤੇ ਉੱਥੋਂ ਜਾ ਲੱਗਾ

ਤਾਂ ਸਿੱਖ ਕਲਰਕ ਨੇ ਉਸ ਨੂੰ ਰੋਕਿਆ। ਕ੍ਰਾਇਨ ਨੇ ਉਸ ਦੇ ਘਸੁੰਨ ਮਾਰਿਆ ਤੇ ਫਰਾਰ ਹੋਣ ਤੋਂ ਪਹਿਲਾਂ ਕਲਰਕ ਦੇ ਚਿਹਰੇ ‘ਤੇ ਤੱਤੀ ਕੌਫ਼ੀ ਸੁੱਟ ਦਿੱਤੀ। ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ ‘ਤੇ ਕ੍ਰਾਇਨ ਦੀ ਗ੍ਰਿਫ਼ਤਾਰੀ ਕੀਤੀ ਤੇ ਪੁੱਛਗਿੱਛ ਵਿੱਚ ਉਸ ਦੇ ਇੱਕ ਹੋਰ ਹਮਲਾ ਵਿੱਚ ਸ਼ਾਮਲ ਹੋਣ ਬਾਰੇ ਵੀਪਤਾ ਲੱਗਾ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਹੈ ਤੇ ਉਸ ਨੇ ਸਿੱਖ ਨੂੰ ਵੀ ਮੁਸਲਮਾਨ ਹੋਣ ਦੇ ਭੁਲੇਖੇ ਮਾਰ ਬੈਠਾ।
ਜੌਹਨ ਕ੍ਰਾਇਨ ਨੂੰ ਯੂਬਾ ਸਿਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਸਲੀ ਹਮਲੇ ਤੇ ਹੋਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ, ਸਿੱਖ ਜਥੇਬੰਦੀਆਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਤੇ ਪੁਲਿਸ ਵੱਲੋਂ ਹਮਲੇ ਨੂੰ ਨਸਲੀ ਮੰਨਦੇ ਹੋਏ ਕੀਤੀ ਕਾਰਵਾਈ ‘ਤੇ ਤਸੱਲੀ ਵੀ ਪ੍ਰਗਟਾਈ।