ਫਰੀਦਕੋਟ ਪੁਲਿਸ ਹਿਰਾਸਤ ਚ ਨੌਜਵਾਨ ਦੀ ਮੌਤ ਮਾਮਲੇ ਚ ਕੈਪਟਨ ਦੇ ਅਸਤੀਫੇ ਦੀ ਉੱਠੀ ਮੰਗ

ਫਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ 19 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਮੌਤ ਤੇ ਲਾਸ਼ ਖ਼ੁਰਦ-ਬੁਰਦ ਕਰਨ ਦਾ ਮਾਮਲਾ ਗਰਮਾ ਗਿਆ ਹੈ। ਜਨਤਕ ਜਥੇਬੰਦੀਆਂ ਤੇ ਵਿਰੋਧੀ ਦਲ ਇਸ ਮਾਮਲੇ ਨੂੰ ਲੈ ਕੇ ਸੜਕਾਂ ‘ਤੇ ਉੱਤਰੇ ਹੋਏ ਹਨ। ਉਧਰ ਆਮ ਆਦਮੀ ਪਾਰਟੀ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਹੈ। ‘ਆਪ’ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਮੰਗਿਆ ਹੈ। ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਕੱਲ੍ਹ ਫਰੀਦਕੋਟ ਜਾਣਗੇ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੰਘੀ 18 ਮਈ ਨੂੰ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਸ਼ੱਕੀ ਹਾਲਤ ‘ਚ ਮੌਤ ਹੋ ਗਈ ਸੀ। ਇਸ ਉਪਰੰਤ ਮੌਕੇ ਦੇ ਪੁਲਿਸ ਅਫ਼ਸਰ ਨਰਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਲਾਸ਼ ਨਹਿਰ ‘ਚ ਸੁੱਟ ਦਿੱਤੀ ਗਈ।

ਫਿਰ ਪੁਲਿਸ ਅਫਸਰ ਨਰਿੰਦਰ ਸਿੰਘ ਵੱਲੋਂ ਵੀ ਸ਼ੱਕੀ ਹਾਲਾਤ ‘ਚ ਆਤਮ ਹੱਤਿਆ ਕਰ ਕਰ ਲਈ ਗਈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਘਟਨਾ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਖਾਈ ਜਾ ਰਹੀ ਗੈਰ ਜ਼ਿੰਮੇਵਾਰੀ ਸ਼ਰਮਨਾਕ ਹੈ। ਚੀਮਾ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦੀ ਹਾਲਤ ਪਿਛਲੀ ਬਾਦਲ ਸਰਕਾਰ ਵਰਗੀ ਹੀ ਹੈ, ਸਗੋਂ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੁਲਿਸਤੰਤਰ ਦਾ ਵੱਡਾ ਹਿੱਸਾ ਬੇਕਾਬੂ ਹੈ, ਲੋਕ ਇਨਸਾਫ਼ ਲਈ ਤ੍ਰਾਹ-ਤ੍ਰਾਹ ਕਰ ਰਹੇ ਹਨ, ਪਰ ‘ਮਹਾਰਾਜਾ’ ਆਪਣੀ ਐਸ਼ਪ੍ਰਸ਼ਤੀ ‘ਚ ਮਸਤ ਹੈ।

ਇਸ ਲਈ ਕੈਪਟਨ ਨੂੰ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਕਾਬਲ ਮੰਤਰੀ ਨੂੰ ਸੌਂਪ ਦੇਣੀ ਚਾਹੀਦੀ ਹੈ। ਚੀਮਾ ਨੇ ਜਸਪਾਲ ਸਿੰਘ ਦੇ ਪੀੜਤ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ ਸੱਤਾਧਾਰੀ ਕਾਂਗਰਸ ‘ਤੇ ਸਵਾਲ ਖੜ੍ਹੇ ਕੀਤੇ ਕਿ ਫਰੀਦਕੋਟ ‘ਚ ਹੋਈ ਇਸ ਬੇਇਨਸਾਫ਼ੀ ਵਿਰੁੱਧ ਚੱਲ ਰਹੇ ਰੋਸ ਧਰਨੇ ‘ਚ ਸਰਕਾਰ ਦਾ ਨੁਮਾਇੰਦਾ ਤਾਂ ਦੂਰ ਸਗੋਂ ਸਥਾਨਕ ਕਾਂਗਰਸੀ ਲੀਡਰਸ਼ਿਪ ਵੀ ਨਹੀਂ ਜਾ ਰਹੀ, ਉਲਟਾ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ‘ਆਪ’ ਡਟ ਕੇ ਲੋਕਾਂ ਖ਼ਾਸ ਕਰ ਕੇ ਜਸਪਾਲ ਸਿੰਘ ਦੇ ਪਰਿਵਾਰ ਨਾਲ ਖੜ੍ਹੀ ਹੈ।