ਡਾ ਮਨਮੋਹਨ ਸਿੰਘ ਪਹਿਲੀ ਵਾਰ ਖੁੱਲ੍ਹ ਕੇ ਬੋਲੇ , ਮੋਦੀ ਦੀਆੰ ਮਾੜੀਆ ਨੀਤੀਆੰ ਦਾ ਕੀਤਾ ਆਪ੍ਰੇਸ਼ਨ !

ਸਾਬਕਾ ਮੁੱਖ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਮੋਦੀ ਸਰਕਾਰ ਜਾ ਰਹੀ ਹੈ ਤੇ ਇਸ ਨਾਲ ਭਾਰਤ ਨੂੰ ਕਾਫ਼ੀ ਰਾਹਤ ਮਿਲੇਗੀ। ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਨੂੰ ਦਿੱਤੀ ਇੰਟਰਵਿਊ ਵਿੱਚ ਪਹਿਲੀ ਵਾਰ ਡਾ. ਮਨਮੋਹਨ ਸਿੰਘ ਨੇ ਖੁੱਲ੍ਹ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਦੇ ਜਾਣ ਨਾਲ ਮੌਜੂਦਾ ਸਰਕਾਰ ਦੇ ਕੰਮ-ਢੰਗ ਕਾਰਨ ਭਾਰਤੀਆਂ ਨੂੰ ਦਰਪੇਸ਼ ਭਾਰੀ ਦੁਸ਼ਵਾਰੀਆਂ, ਮਾੜੀਆਂ ਨੀਤੀਆਂ ਤੇ ਬਦਇੰਤਜ਼ਾਮੀ ਦਾ ਸੰਭਵ ਤੌਰ ’ਤੇ ਅੰਤ ਹੋ ਜਾਵੇਗਾ।

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਪੰਜ ਸਾਲਾ ਕਾਰਜਕਾਲ ਭਾਰੀ ਮਾਯੂਸੀ ਵਾਲਾ ਸੀ, ਜਿਸ ਦੌਰਾਨ ਬੇਰੁਜ਼ਗਾਰੀ ਸਿਖਰਾਂ ’ਤੇ ਪੁੱਜ ਗਈ, ਪੇਂਡੂ ਭਾਈਚਾਰੇ ਵਿੱਚ ਨਿਰਾਸ਼ਾ ਆਈ, ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੋਇਆ, ਸਮਾਜ ਦੇ ਕਮਜ਼ੋਰ ਤਬਕਿਆਂ ਦੇ ਹੱਕਾਂ ਦਾ ਘਾਣ ਹੋਇਆ, ਬਿਨਾਂ ਜਵਾਬਦੇਹੀ ਤੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਤੇ ਸਰਕਾਰ ਨੇ ਸਾਡੇ ਅਦਾਰਿਆਂ ਨੂੰ ਭਾਰੀ ਢਾਹ ਲਾਈ।

ਉਨ੍ਹਾਂ ਕਿਹਾ ਕਿ ਵਿਰੋਧੀ ਆਵਾਜ਼ਾਂ ਨੂੰ ਬੇਤੁਕੇ ਏਜੰਡੇ ਰਾਹੀਂ ਚੁੱਪ ਕਰਵਾ ਦੇਣਾ ਹੀ ਭਾਜਪਾ ਦਾ ਢੰਗ-ਤਰੀਕਾ ਰਿਹਾ। ਇਸ ਨੂੰ ‘ਨਵੇਂ ਭਾਰਤ’ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਸ਼੍ਰਿਸ਼ਟਾਚਾਰ ਤੇ ਤਹਿਜ਼ੀਬ ਤਾਂ ਬੀਤੇ ਦੀ ਗੱਲ ਬਣ ਚੁੱਕੀ ਹੈ। ਨਫ਼ਰਤ ਭਰੀਆਂ ਆਵਾਜ਼ਾਂ ਤੇ ਬੇਥਵੀਆਂ ਗੱਲਾਂ ਨੇ ਦੇਸ਼ ਵਿਚ ਵਿਚਾਰ-ਵਟਾਂਦਰੇ ਦਾ ਮਿਆਰ ਹੀ ਖ਼ਤਮ ਕਰ ਦਿੱਤਾ ਹੈ। ਇਸ ਵਰਤਾਰੇ ਨੂੰ ਸਰਕਾਰ ਦੇ ਸਿਖਰਲੇ ਪੱਧਰ ਤੋਂ ਹੁਲਾਰਾ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਜੀਦਗੀ ਤੇ ਬਹੁਤ ਹੀ ਜ਼ਿੰਮੇਵਾਰੀ ਵਾਲਾ ਹੁੰਦਾ ਹੈ, ਜਿਸ ਨੂੰ ਹੋਰਨਾਂ ਲਈ ਪ੍ਰੇਰਨਾ ਦੀ ਮਿਸਾਲ ਬਣਨਾ ਚਾਹੀਦਾ ਹੈ। ਅਫ਼ਸੋਸ ਹੈ ਕਿ ਮੋਦੀ ਜੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਸੰਜਮ ਤੇ ਮਾਣ-ਮਰਿਆਦਾ ਨੂੰ ਸਮਝਣ ਜਾਂ ਤਸਲੀਮ ਕਰਨ ਤੋਂ ਇਨਕਾਰੀ ਹਨ। ਇਹ ਰਵੱਈਆ ਭਾਰਤੀ ਜਮਹੂਰੀਅਤ ਦੀ ਦਿੱਖ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਬਾਤੇਂ ਕੰਮ, ਕਾਮ ਜ਼ਿਆਦਾ’ ਉਤੇ ਜ਼ੋਰ ਦਿੰਦੇ ਸਨ। ਇਸ ਸਰਕਾਰ ਦਾ ਸਭ ਤੋਂ ਵੱਡਾ ਨਿਕੰਮਾਪਣ ਇਹੋ ਹੈ ਕਿ ਇਹ ਪ੍ਰਚਾਰ ਬਹੁਤ ਕਰਦੀ ਹੈ, ਪਰ ਠੋਸ ਕੰਮ ਕੋਈ ਨਹੀਂ। ਇਕੋ ਇਕ ਸਭ ਤੋਂ ਵੱਡੀ ਨਾਕਾਮੀ ਨੋਟਬੰਦੀ ਸੀ, ਜਿਸ ਨੇ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਨੂੰ ਕਰੀਬ ਦੋ ਫ਼ੀਸਦੀ ਪਿੱਛੇ ਧੱਕ ਦਿੱਤਾ, ਜਿਸ ਨਾਲ ਅਰਥਚਾਰੇ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।

ਇਹ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ, ਗ਼ੈਰਰਸਮੀ ਸੈਕਟਰ, ਕਿਸਾਨਾਂ ਤੇ ਸੁਆਣੀਆਂ ਦੀਆਂ ਬੱਚਤਾਂ ਉਤੇ ਗਿਣ-ਮਿੱਥ ਕੇ ਕੀਤਾ ਗਿਆ ਹਮਲਾ ਸੀ। ਇਸ ਨਾਲ ਨਾ ਤਾਂ ਉਹ ਤਿੰਨ ਲੱਖ ਕਰੋੜ ਰੁਪਏ ਦਾ ਕਾਲਾ ਧਨ ਮਿਲਿਆ, ਜਿਸ ਦਾ ਦਾਅਵਾ 10 ਨਵੰਬਰ, 2016 ਨੂੰ ਸੁਪਰੀਮ ਕੋਰਟ ਅੱਗੇ ਕੀਤਾ ਗਿਆ ਤੇ ਨਾ ਨਕਲੀ ਕਰੰਸੀ ਨੂੰ ਨੱਥ ਪਈ।

ਜੀਐਸਟੀ ਨੂੰ ਗ਼ਲਤ ਢੰਗ ਨਾਲ ਲਾਗੂ ਕੀਤੇ ਜਾਣ ਨਾਲ ਗੜਬੜ ਹੋਰ ਵਧ ਗਈ। ਕਾਂਗਰਸ ਨੇ ਜੀਐਸਟੀ ਇਕਹਿਰੇ, ਨਰਮ ਤੇ ਮਿਆਰੀ ਕਰ ਵਜੋਂ ਚਿਤਵਿਆ ਸੀ, ਪਰ ਭਾਜਪਾ ਨੇ ਇਸ ਨੂੰ ਵੱਖ-ਵੱਖ ਕਰਾਂ ਵਾਲਾ ਢਾਂਚਾ ਬਣਾ ਦਿੱਤਾ, ਜੋ ਬਹੁਤ ਹੀ ਗੁੰਝਲ਼ਦਾਰ ਹੈ। ਇਸ ਕਾਰਨ ਖਾਦਾਂ, ਕੀੜੇਮਾਰ ਦਵਾਈਆਂ ਤੇ ਖੇਤੀਬਾੜੀ ਦੇ ਸੰਦਾਂ ਉਤੇ ਲੱਗੇ ਕਰਾਂ ਦਾ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਚੰਗੇ ਹਾਲਾਤ ਦੇ ਬਾਵਜੂਦ ਅਰਥਚਾਰੇ ਦੇ ਮੰਦਵਾੜੇ ਕਾਰਨ ਕਾਰੋਬਾਰੀਆਂ ਦਾ ਨਿਵੇਸ਼ ਤੋਂ ਭਰੋਸਾ ਟੁੱਟਿਆ ਹੈ ਤੇ ਆਮ ਕਾਰੋਬਾਰੀਆਂ ਦੇ ਘਰਾਂ ਉਤੇ ਟੈਕਸ ਅਧਿਕਾਰੀਆਂ ਦੇ ਅੱਧੀ-ਅੱਧੀ ਰਾਤ ਨੂੰ ਛਾਪੇ ਆਮ ਵਰਤਾਰਾ ਹੋ ਗਿਆ ਹੈ। ਨਵਾਂ ਨਿਵੇਸ਼ ਅੱਜ 14 ਸਾਲਾਂ ਦੀ ਹੇਠਲੀ ਦਰ ’ਤੇ ਪੁੱਜ ਗਿਆ ਹੈ ਤੇ ਨਿਜੀ ਕਾਰਪੋਰੇਟਾਂ ਦਾ ਨਿਵੇਸ਼ ਸੱਤ ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਵਿਦੇਸ਼ੀ ਨਿਵੇਸ਼ਕਾਂ (ਐਫ਼ਪੀਆਈਜ਼) ਨੇ 2018 ਦੌਰਾਨ ਹੀ ਸਾਡੇ ਬਾਜ਼ਾਰਾਂ ’ਚੋਂ ਕਰੀਬ ਇਕ ਲੱਖ ਕਰੋੜ ਰੁਪਏ ਕੱਢ ਲਏ ਹਨ। ਇਸ ਕਾਰਨ ਅਰਥਚਾਰੇ ਦੀ ਹਾਲਤ ਬਹੁਤ ਖ਼ਰਾਬ ਹੈ।

ਉਨ੍ਹਾਂ ਕਿਹਾ ਕਿ ਸਾਡੀਆਂ ਹਥਿਆਬੰਦ ਫ਼ੌਜਾਂ ਦੀ ਸੂਰਮਤਾਈ ਨੂੰ ਮੋਦੀ ਵੱਲੋਂ ਵੀਡੀਓ ਗੇਮ ਵਾਂਗ ਦਿਖਾਉਣਾ ਸਾਡੇ ਵਤਨ ਦੀ ਸਭ ਤੋਂ ਵੱਡੀ ਬੇਇੱਜ਼ਤੀ ਹੈ। ਕਿਸੇ ਨੂੰ ਵੀ ਆਪਣੀ ਆਕੜ ਤੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਲਈ ਵੱਖ-ਵੱਖ ਫ਼ੌਜੀ ਅਪਰੇਸ਼ਨਾਂ ਉਤੇ ਸਵਾਲ ਖੜ੍ਹੇ ਕਰਕੇ ਸਾਡੀਆਂ ਫ਼ੌਜਾਂ ਦਾ ਮਜ਼ਾਕ ਉਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਾਂਗਰਸ-ਯੂਪੀਏ ਸਰਕਾਰਾਂ ਸਮੇਤ ਪਿਛਲੀਆਂ ਵੱਖ-ਵੱਖ ਸਰਕਾਰਾਂ ਦੌਰਾਨ ਅਨੇਕਾਂ ਫ਼ੈਸਲਾਕੁਨ ਫ਼ੌਜੀ ਕਾਰਵਾਈਆਂ ਕੀਤੀਆਂ ਗਈਆਂ। ਅਜਿਹੇ ਮੁੱਦਿਆਂ ਦਾ ਭੇਤ ਬਣਾਈ ਰੱਖਣ ਦੇ ਅਣਲਿਖੇ ਕਰਾਰ ਹੁੰਦੇ ਹਨ।

ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਸ਼ਟਰਵਾਦ ਹਰ ਭਾਰਤੀ ਦੇ ਮਨ ਤੇ ਦਿਲ ਵਿੱਚ ਵਸਿਆ ਹੋਇਆ ਹੈ। ਮਿਹਨਤ-ਮੁਸ਼ੱਕਤ ਕਰਨ ਵਾਲਾ ਕਿਸਾਨ, ਜਿਸ ਨੂੰ ਮੋਦੀ ਸਰਕਾਰ ਨੇ ਧੋਖਾ ਦਿੱਤਾ ਹੈ, ਰਾਸ਼ਟਰਵਾਦੀ ਹੈ। ਉਹ ਵਿਦਿਆਰਥੀ, ਜੋ ਅੱਧੀ ਰਾਤ ਤਕ ਮਿਹਨਤ ਕਰਦਾ ਹੈ ਪਰ ਜਿਸ ਨੂੰ ਰੁਜ਼ਗਾਰ ਨਹੀਂ ਮਿਲਦਾ, ਰਾਸ਼ਟਰਵਾਦੀ ਹੈ। ਘਰ ਦੀ ਸੁਆਣੀ, ਜੋ ਪੈਸੇ ਬਚਾ ਕੇ ਰੱਖਦੀ ਸੀ ਪਰ ਜਿਸ ਨੂੰ ਨੋਟਬੰਦੀ ਦਾ ਸੇਕ ਲੱਗਾ, ਰਾਸ਼ਟਰਵਾਦੀ ਹੈ। ਜਿਹੜਾ ਵੀ ਦੇਸ਼ ਦੇ ਨਿਰਮਾਣ ਵਿਚ ਸਹਾਇਤਾ ਕਰਦਾ ਹੈ, ਰਾਸ਼ਟਰਵਾਦੀ ਹੈ। ਕੋਈ ਇਕ ਆਦਮੀ ਜਾਂ ਪਾਰਟੀ ਕਿਵੇਂ ਰਾਸ਼ਟਰਵਾਦ ਦੀ ਝੰਡਾ-ਬਰਦਾਰ ਬਣ ਸਕਦੀ ਹੈ। (ਧੰਨਵਾਦ ਸਹਿਤ ਟ੍ਰਿਬਿਊਨ)