ਕਨੇਡਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਹੁਣ ਨਹੀਂ ਪਵੇਗੀ ਦਿੱਲੀ ਜਾਣ ਦੀ ਲੋੜ

ਹੁਣ ਕੈਨੇਡਾ ਜਾਣ ਲਈ ਜਹਾਜ਼ ਚੜ੍ਹਨ ਲਈ ਦਿੱਲੀ ਹਵਾਈ ਅੱਡੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਕੈਨੇਡਾ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਹਰ ਸਾਲ ਤਕਰੀਬਨ 10 ਲੱਖ ਤੋਂ ਵੱਧ ਪੰਜਾਬੀ ਕੈਨੇਡਾ ਤੇ ਭਾਰਤ ਆਉਂਦੇ ਜਾਂਦੇ ਹਨ, ਉਨ੍ਹਾਂ ਲਈ ਇਹ ਬੇਹੱਦ ਵੱਡੀ ਰਾਹਤ ਦੀ ਖ਼ਬਰ ਹੈ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਹੈ ਕਿ ਕੌਮਾਂਤਰੀ ਸੈਰ-ਸਪਾਟਾ ਦਿਵਸ ਵਾਲੇ ਦਿਨ ਯਾਨੀ ਆਉਂਦੀ 27 ਸਤੰਬਰ ਤੋਂ ਅੰਮ੍ਰਿਤਸਰ ਤੋਂ ਟੋਰੰਟੋ ਦਰਮਿਆਨ ਬਾਰਸਤਾ ਦਿੱਲੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ।

ਪੁਰੀ ਨੇ ਇਹ ਜਾਣਕਾਰੀ ਟਵੀਟ ਰਾਹੀਂ ਦੱਸਿਆ ਕਿ ਇਹ ਉਡਾਣ ਯਾਤਰੀਆਂ ਨੂੰ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਜਾਵੇਗੀ ਤੇ ਉੱਥੋਂ ਸਿੱਧੀ ਟੋਰਾਂਟੋ ਲਈ ਉਡਾਣ ਭਰੇਗੀ। ਪੁਰੀ ਨੇ ਕਿਹਾ ਹੈ ਕਿ ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਤੇ ਉੱਤਰੀ ਅਮਰੀਕਾ ’ਚ ਵਸਦੇ ਭਾਰਤੀ ਮੂਲ ਦੇ, ਖ਼ਾਸ ਕਰ ਕੇ ਪੰਜਾਬੀ ਸ਼ਰਧਾਲੂਆਂ ਦੀ ਚਿਰਾਂ ਤੋਂ ਪੁਰਜ਼ੋਰ ਮੰਗ ਸੀ ਕਿ ਜੋ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਸਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਇਸ ਨਿੱਕੀ ਜਿਹੀ ਸੇਵਾ ਵਿੱਚ ਯੋਗਦਾਨ ਪਾਉਣ ’ਚ ਕਾਮਯਾਬ ਰਿਹਾ ਹਾਂ।

ਇਹ ਗੁਰੂ ਕੀ ਨਗਰੀ ਦੇ ਵਿਕਾਸ ਦੀ ਯਾਤਰਾ ਦੀ ਸ਼ੁਰੂਆਤ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਟੋਰੰਟੋ, ਮਿਸੀਸਾਗਾ, ਬਰੈਂਪਟਨ (ਓਂਟਾਰੀਓ), ਕੈਲਗਰੀ (ਐਲਬਰਟਾ), ਵਿਨੀਪੈਗ (ਮੈਨੀਟੋਬਾ), ਸਰੀ, ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਅੰਦਰ ਵੱਡੀ ਗਿਣਤੀ ’ਚ ਪੰਜਾਬੀ ਵੱਸਦੇ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਤਾਂ ਪੰਜਾਬੀ ਭਾਸ਼ਾ ਨੂੰ ਤੀਜਾ ਦਰਜਾ ਤਕ ਹਾਸਲ ਹੈ।