ਚੋਣ ਹਾਰਨ ਮਗਰੋਂ ਰਾਜਾ ਵੜਿੰਗ ਦੇ ‘ਬਾਗੀ ਤੇਵਰ’, ਪੰਜ ਮਿੰਟ ‘ਚ ਸਿੱਧਾ ਕਰਨ ਦੀ ਚੇਤਾਵਨੀ

ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਥਾਣੇਦਾਰ ਲੋਕਾਂ ਦੀ ਗੱਲ ਨਹੀਂ ਸੁਣਦਾ, ਉਹ ਪੰਜਾਂ ਮਿੰਟਾਂ ਵਿੱਚ ਸਿੱਧਾ ਹੋ ਜਾਏਗਾ। ਐਸਾ ਕਿਹੜਾ ਅਫਸਰ ਜਿਹਨੂੰ ਆਪਾਂ ਬਾਂਹ ਫੜ ਕੇ ਬਾਹਰ ਨਹੀਂ ਕਰ ਸਕਦੇ?

ਉਨ੍ਹਾਂ ਲੰਬੀ ਦੇ ਕਾਂਗਰਸੀਆਂ ਦੇ ਕੰਮ ਕਰਵਾਉਣ ਲਈ ਵੱਟਸਐਪ ਗਰੁੱਪ ਬਣਾਉਣ ਦੀ ਗੱਲ ਕਹੀ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਦਫ਼ਤਰ ਜਾਣ ਤੋਂ ਪਹਿਲਾਂ ਇਸ ਗਰੁੱਪ ਵਿੱਚ ਮੈਸਿਜ ਪਾਉਣ ਲਈ ਕਿਹਾ। ਉਨ੍ਹਾਂ ਤੋਂ ਪਹਿਲਾਂ ਸਟੇਜ ਤੋਂ ਕਾਂਗਰਸੀ ਸਰਪੰਚਾਂ ਨੇ ਵੀ ਆਪਣੀ ਭੜਾਸ ਕੱਢੀ।

ਦਰਅਸਲ ਲੋਕਾਂ ਸਭਾ ਹਲਕਾ ਬਠਿੰਡਾ ਤੋਂ ਚੋਣ ਹਾਰਨ ਮਗਰੋਂ ਰਾਜਾ ਵੜਿੰਗ ਧੰਨਵਾਦੀ ਦੌਰਾ ਕਰਨ ਲੰਬੀ ਪਹੁੰਚੇ ਹੋਏ ਸਨ।

ਇਸ ਦੌਰਾਨ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਲੰਬੀ ਹਲਕੇ ਪਿੰਡ ਵੜਿੰਗ ਖੇੜਾ ਦੇ ਸਰਪੰਚ ਦਰਸ਼ਨ ਸਿੰਘ, ਭੀਟੀਵਾਲਾ ਦੇ ਸਰਪੰਚ ਤੇ ਹੋਰ ਆਗੂਆਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਬਰਾੜ ਦੀ ਮੌਜੂਦਗੀ ਵਿੱਚ ਸਟੇਜ ਤੋਂ ਰੱਜ ਕੇ ਆਪਣੀ ਸਰਕਾਰ ਖਿਲਾਫ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਦਫ਼ਤਰ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਕਈ ਸਰਪੰਚਾਂ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਉਹ ਹੁਣ ਆਪਣੇ ਲੀਡਰਾਂ ਦੇ ਦਰਾਂ ਵਿੱਚ ਦਰੀ ਵਿਛਾ ਕੇ ਬੈਠਣ ਨੂੰ ਮਜਬੂਰ ਹਨ।

ਇਸ ਸੂਚੀ ਵਿੱਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਵੀ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਜਦ ਵੀ ਲੰਬੀ ਹਲਕੇ ਤੋਂ ਕੋਈ ਕਾਂਗਰਸੀ ਲੀਡਰ ਬੇਨਤੀ ਲੈ ਕੇ ਜਾਂਦਾ ਤਾਂ ਉਸ ਦੀ ਸੁਣਵਾਈ ਨਹੀਂ ਹੁੰਦੀ। ਇਸ ਧੰਨਵਾਦੀ ਮੀਟਿੰਗ ਵਿੱਚ ਮਾਹੌਲ ਉਦੋਂ ਗਰਮਾ ਗਿਆ ਜਦੋਂ ਰਾਜਾ ਵੜਿੰਗ ਨੇ ਕਿਹਾ ਕਿ ਜੇ ਕੋਈ ਵੱਡਾ ਅਫ਼ਸਰ ਜਾਂ ਬੰਦਾ ਉਨ੍ਹਾਂ ਦੀ ਜਾਇਜ਼ ਗੱਲ ਨਹੀਂ ਸੁਣੇਗਾ ਤਾਂ ਉਸ ਦੇ ਨੱਕ ਵਿੱਚ ਦਮ ਕਰਨਾ ਉਨ੍ਹਾਂ ਨੂੰ ਆਉਂਦਾ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਇੱਕ ਵੱਟਸਐਪ ਗਰੁੱਪ ਬਣਾ ਲਉ, ਜਿਸ ਵਿੱਚ ਉਨ੍ਹਾਂ ਨੂੰ ਵੀ ਐਡ ਕੀਤਾ ਜਾਏਗਾ। ਜੋ ਵੀ ਕੰਮ ਹੋਏਗਾ, ਉਸ ਬਾਰੇ ਗਰੁੱਪ ਵਿੱਚ ਮੈਸਜ ਪਾਇਆ ਜਾਏਗਾ। ਜੇ ਕੋਈ SHO ਜਾਂ BDPO ਕੰਮ ਨਹੀਂ ਕਰੇਗਾ ਤਾਂ ਉਸ ਨੂੰ ਜਾਣਾ ਪਵੇਗਾ ਕਿਉਂਕਿ ਉਹ ਖੁਦ ਜਾ ਕੇ ਮੁੱਖ ਮੰਤਰੀ ਨੂੰ ਉਸ ਦੀ ਸ਼ਿਕਾਇਤ ਕਰ ਕੇ ਤਬਾਦਲਾ ਕਰਵਾ ਕੇ ਆਉਣਗੇ।

ਰਾਜਾ ਵੜਿੰਗ ਨੇ ਕਿਹਾ, ‘ਐਸਾ ਕਿਹੜਾ ਅਫ਼ਸਰ ਜਿਹਨੂੰ ਆਪਾਂ ਬਾਂਹ ਫੜ ਕੇ ਬਾਹਰ ਨਹੀਂ ਕਰ ਸਕਦੇ!’ ਉਨ੍ਹਾਂ ਕਿਹਾ ਕਿ ਇਸ ਤਰਾਂ ਜਿਹੜਾ SHO ਤੁਹਾਡੀ ਗੱਲ ਨਹੀਂ ਸੁਣਦਾ, ਉਹ ਪੰਜਾਂ ਮਿਟਾਂ ਵਿੱਚ ਸਿੱਧਾ ਹੋ ਜਾਊਗਾ। ਜੇ ਕਾਂਗਰਸੀ ਵਰਕਰ ਇਕੱਠੇ ਹੋ ਜਾਣ ਤਾਂ ਕਿਸੇ ਅਫ਼ਸਰ ਦੀ ਕੋਈ ਤਾਕਤ ਨਹੀਂ। ਉਨ੍ਹਾਂ ਕਿਹਾ ਕਿ ਜੇ ਕੋਈ ਅਫ਼ਸਰ ਕਿਸੇ ਕਾਂਗਰਸੀ ਦਾ ਸਤਿਕਾਰ ਨਹੀਂ ਕਰੇਗਾ ਤਾਂ 5 ਘੰਟਿਆਂ ਵਿੱਚ ਉਸ ਦੀ ਬਦਲੀ ਕਰ ਦਿੱਤੀ ਜਾਏਗੀ।