ਨਵਜੋਤ ਸਿੱਧੂ ਦੀ ਕਾਂਗਰਸ ਦੇ ਵਿਚ ਵੱਡੇ ਅਹੁਦੇ ਤੇ ਅੱਖ, ਬਣਨਾ ਚਹੁੰਦੇ ਡਿਪਟੀ ਮੁੱਖ ਮੰਤਰੀ!

ਕੈਪਟਨ ਅਮਰਿੰਦਰ ਸਿੰਘ ਨੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਲੰਬੀ ਜ਼ੁਬਾਨ ਤੇ ਫਰੈਂਡਲੀ ਮੈਚ ਜਿਹੇ ਬਿਆਨਾਂ ਦੀ ਸਜ਼ਾ ਮੰਤਰਾਲਾ ਬਦਲ ਕੇ ਦੇ ਦਿੱਤੀ ਹੈ, ਪਰ ਉਨ੍ਹਾਂ ਹਾਲੇ ਤਕ ਨਵੇਂ ਬਿਜਲੀ ਤੇ ਨਵਿਆਉਣਯੋਗ ਊਰਜਾ ਵਿਭਾਗ ਦੀ ਕੁਰਸੀ ਨਹੀਂ ਸੰਭਾਲੀ। ਸਿੱਧੂ ਦੀ ਚੁੱਪ ਕਰਕੇ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਚਿੱਤ ਠੀਕ ਨਹੀਂ ਜਾਪਦੇ। ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਵੱਡਾ ਅਹੁਦਾ ਮਿਲੇ। ਅਜਿਹੇ ਵਿੱਚ ਜ਼ਾਹਰ ਹੈ ਕਿ ਉਨ੍ਹਾਂ ਦੀ ਨਜ਼ਰ ਪੰਜਾਬ ਵਜ਼ਾਰਤ ‘ਚ ਕਿਸੇ ਵੱਡੇ ਵਿਭਾਗ ਤੇ ਸੂਬਾ ਕਾਂਗਰਸ ਦੇ ਸਿਖਰਲੇ ਅਹੁਦੇ ‘ਤੇ ਹੈ।

ਉੱਧਰ, ਸਿੱਧੂ ਨੂੰ ਸੌਂਪੇ ਗਏ ਬਿਜਲੀ ਵਿਭਾਗ ਵਿੱਚ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੀ ਸਪਲਾਈ ਦੇਣ ਲਈ ਬੈਠਕਾਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ, ਪਰ ਇਸ ਮੰਤਰਾਲੇ ਦੇ ਮੁਖੀ ਸਿੱਧੂ ਇਨ੍ਹਾਂ ਵਿੱਚੋਂ ਗ਼ਾਇਬ ਹਨ। ਇੰਨਾ ਹੀ ਨਹੀਂ, ਸਿੱਧੂ ਨੇ ਪੰਜਾਬ ਵਜ਼ਾਰਤ ਦੀ ਬੈਠਕ ‘ਚ ਵੀ ਹਾਜ਼ਰੀ ਨਹੀਂ ਭਰੀ ਅਤੇ ਉਹ ਲਗਾਤਾਰ ਆਪਣੇ ‘ਤੇ ਲਾਏ ਗਏ ਇਲਜ਼ਾਮਾਂ ਦੀ ਸਫਾਈ ਦੇਣ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸੱਕਤਰ ਪ੍ਰਿਅੰਕਾ ਗਾਂਧੀ ਨਾਲ ਦਿੱਲੀ ‘ਚ ਵੀ ਮੁਲਾਕਾਤ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵਿਭਾਗ ਦਾ ਕਾਰਜਭਾਰ ਸੰਭਾਲਣ ਨੂੰ ਲੈ ਕੇ ਉਨ੍ਹਾਂ ਦੀ ਖ਼ਾਮੋਸ਼ੀ ਨੇ ਕਾਂਗਰਸ ‘ਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ।

ਉੱਧਰ, ਗੁਰਦਾਸਪੁਰ ਤੋਂ ਚੋਣ ਹਾਰਨ ਵਾਲੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫ਼ੇ ਕਾਰਨ ਪੰਜਾਬ ਪ੍ਰਧਾਨ ਦਾ ਅਹੁਦਾ ਵੀ ਖਾਲੀ ਪਿਆ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਕਾਰ ਆਈਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਸੀਨੀਅਰ ਆਗੂ ਅਹਿਮਦ ਪਟੇਲ ਦੀ ਡਿਊਟੀ ਲਗਾਈ ਸੀ। ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਜਾ ਰਹੇ ਹਨ। 15 ਜੂਨ ਨੂੰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ‘ਚ ਸ਼ਾਮਲ ਹੋਣਗੇ। ਇਸ ਦੌਰਾਨ ਸੰਭਾਵਨਾ ਹੈ ਕਿ ਉਨ੍ਹਾਂ ਦੀ ਪਾਰਟੀ ਹਾਈਕਮਾਂਡ ਨਾਲ ਵੀ ਮੁਲਾਕਾਤ ਹੋਵੇ। ਇਸ ਮਗਰੋਂ ਇਸ ਠੰਢੀ ਜੰਗ ਦਾ ਕੋਈ ਹੱਲ ਨਿੱਕਲਣ ਦੀ ਆਸ ਹੈ।