ਮਲੇਰਕੋਟਲਾ ਚ ਪਾਸਪੋਰਟ ਸੇਵਾ ਕੇਂਦਰ ਵਾਸਤੇ ਰਜ਼ੀਆ ਸੁਲਤਾਨਾ ਤੇ ਭਗਵੰਤ ਮਾਨ ਆਹਮੋ ਸਾਹਮਣੇ

ਮਲੇਰਕੋਟਲਾ ਵਿੱਚ ਅਗਲੇ ਮਹੀਨੇ ਖੁੱਲ੍ਹਣ ਜਾ ਰਹੇ ਖੇਤਰੀ ਪਾਸਪੋਰਟ ਸੇਵਾ ਕੇਂਦਰ ‘ਤੇ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਪਿੜ ਵਿੱਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਮਲੇਰਕੋਟਲਾ ਤੋਂ ਹਲਕਾ ਵਿਧਾਇਕਾ ਰਜ਼ੀਆ ਸੁਲਤਾਨਾ ਕੁੱਦ ਪਏ ਹਨ। ਦੋਵੇਂ ਸਿਆਸਤਦਾਨ ਆਪਣੇ ‘ਹਿੰਮਤ’ ਸਦਕਾ ਸ਼ਹਿਰ ਵਿੱਚ ਪਾਸਪੋਰਟ ਸੇਵਾ ਕੇਂਦਰ ਲਿਆਉਣ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹ ਰਹੇ ਹਨ।ਪਾਸਪੋਰਟ ਕੇਂਦਰ ਦੇ 16 ਫਰਵਰੀ ਨੂੰ ਉਦਘਾਟਨ ਸਬੰਧੀ ਵੀ ਵੱਖ-ਵੱਖ ਦਾਅਵੇਦਾਰੀ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਦੇ ਹੱਕ ਵਿੱਚ ਲੱਗੇ ਪੋਸਟਰਾਂ ’ਚ ਦੱਸਿਆ ਗਿਆ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ,

ਪਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਖੇਤਰੀ ਪਾਸਪੋਰਟ ਦਫ਼ਤਰ ਖੁੱਲ੍ਹ ਰਿਹਾ ਹੈ ਤੇ ਉਹ 16 ਫਰਵਰੀ ਨੂੰ ਉਦਘਾਟਨੀ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ। ਮਾਨ ਨੇ ਕਿਹਾ ਕਿ ਉਹ ਆਪਣੇ ਸੰਸਦੀ ਹਲਕੇ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਦੀ ਮੰਗ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ, ਜਿਸ ਮਗਰੋਂ ਅਪਰੈਲ-2018 ਵਿਚ ਕੇਂਦਰੀ ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ ਸੰਗਰੂਰ ਜ਼ਿਲ੍ਹੇ ’ਚ ਪਾਸਪੋਰਟ ਦਫ਼ਤਰ ਖੋਲ੍ਹ ਰਹੇ ਹਾਂ ਅਤੇ ਇਹ ਦਫ਼ਤਰ ਡਾਕਖਾਨੇ ’ਚ ਹੀ ਖੁੱਲ੍ਹੇਗਾ।

ਹਾਲਾਂਕਿ, ਮਾਨ ਨੇ ਚੋਭ ਕਰਦਿਆਂ ਕਿਹਾ ਕਿ ਜੇਕਰ ਵਿਧਾਇਕਾ ਪਾਸਪੋਰਟ ਦਫ਼ਤਰ ਤੇ ਉਨ੍ਹਾਂ ਵੱਲੋਂ ਬਣਵਾਏ ਗਏ ਸਕੂਲਾਂ ਦੇ ਕਮਰਿਆਂ ਦਾ ਵੀ ਉਦਘਾਟਨ ਕਰਨਾ ਚਾਹੁੰਣ ਤਾਂ ਕਰ ਸਕਦੇ ਸਨ ਅਤੇ ਨਾਲ ਹੀ ਉਨ੍ਹਾਂ ਰਜ਼ੀਆ ਸੁਲਤਾਨਾ ਉੱਪਰ ਪਾਸਪੋਰਟ ਦਫ਼ਤਰ ਦਾ ਉਦਘਾਟਨ ਕਰਨ ਦੇ ਬੈਨਰ ਤੇ ਪੋਸਟਰ ਲਗਵਾਉਣ ਨੂੰ ਘਟੀਆ ਰਾਜਨੀਤੀ ਦੱਸਿਆ।

ਵਿਆਹ ਲਈ ਤਿਆਰ ਹੋਣ ਆਈ ਦੁਲਹਨ ਨੂੰ ਬਦਮਾਸ਼ਾਂ ਨੇ ਬਿਊਟੀ ਪਾਰਲਰ ਦੇ ਅੱਗਿਓਂ ਫਿਲਮੀ ਅੰਦਾਜ਼ ਚ ਕੀਤਾ ਅਗਵਾ ਵੀਡੀਓ ਵਾਇਰਲ

ਮੁਕਤਸਰ ਸ਼ਹਿਰ ਦੇ ਸਦਰ ਬਾਜ਼ਾਰ ਵਿੱਚ ਬਿਊਟੀ ਪਾਰਲਰ ਵਿੱਚ ਤਿਆਰ ਹੋਣ ਆਈ ਲੜਕੀ ਨੂੰ ਕੁਝ ਹਥਿਆਰਬੰਦ ਨੌਜਵਾਨਾਂ ਨੇ ਅਗਵਾ ਕਰ ਲਿਆ। ਘਟਨਾ ਸਵੇਰੇ 6:30 ਵਜੇ ਵਾਪਰੀ। ਘਟਨਾ ਦਾ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਫਾਜ਼ਿਲਕਾ ਜ਼ਿਲ੍ਹੇ ਦੇ ਕਿਸੇ ਪਿੰਡ ਤੋਂ 30 ਸਾਲਾ ਮਹਿਲਾ ਬ੍ਰਾਈਡਲ ਮੇਕਅੱਪ ਲਈ ਸੈਲੂਨ ਪਹੁੰਚੀ ਸੀ। ਉਸ ਦਾ ਭਰਾ ਲਗਪਗ ਸਵੇਰੇ 6 ਵਜੇ ਉਸ ਨੂੰ ਸੈਲੂਨ ਛੱਡ ਕੇ ਗਿਆ ਸੀ।

ਇਸ ਤੋਂ ਬਾਅਦ ਕਰੀਬ 6:30 ਵਜੇ ਕੁਝ ਹਥਿਆਰਬੰਦ ਨੌਜਵਾਨ ਕਾਰਾਂ ਵਿੱਚ ਸੈਲੂਨ ਪੁੱਜੇ ਤੇ ਮਹਿਲਾ ਨੂੰ ਅਗਵਾ ਕਰ ਕੇ ਲੈ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ਼ ਦੇ ਆਧਾਰ ’ਤੇ ਸੂਤਰਾਂ ਨੇ ਦੱਸਿਆ ਕਿ ਮਹਿਲਾ ਨੇ ਅਗਵਾਕਾਰਾਂ ਦਾ ਵਿਰੋਧ ਕੀਤਾ ਪਰ ਉਹ ਆਪਣੇ-ਆਪ ਨੂੰ ਛੁਡਾ ਨਾ ਸਕੀ। ਫੁਟੇਜ਼ ਮੁਤਾਬਕ ਅਗਵਾਕਾਰਾਂ ਹਥਿਆਰਾਂ ਨਾਲ ਲੈਸ ਹਨ ਤੇ ਪੂਰੀ ਤਿਆਰੀ ਨਾਲ ਮਹਿਲਾ ਨੂੰ ਅਗਵਾ ਕਰਨ ਲਈ ਆਏ ਸਨ।

ਪੁਲਿਸ ਨੇ ਮਹਿਲਾ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਦੋ ਨੌਜਵਾਨਾਂ ਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਹਿਲਾ ਦੀ ਭਾਲ ਕਰਨ ਦੀ ਕੋਸ਼ਿਸ਼ ਜਾਰੀ ਹੈ। ਨੌਜਵਾਨਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਹਾਈਕੋਰਟ ਦਾ ਫੈਸਲਾ ਵਿਦੇਸ਼ਾਂ ਚ ਬੈਠੇ ਨਸ਼ਾ ਤਸਕਰਾਂ ਨੂੰ ਲਿਆਂਦਾ ਜਾਵੇ ਵਾਪਿਸ!

ਪੰਜਾਬ-ਹਰਿਆਣਾ ਹਾਈਕੋਰਟ ਨੇ ਵਿਦੇਸ਼ਾਂ ਵਿੱਚ ਬੈਠੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜ਼ਾ ਕੱਸਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਭਾਰਤ ‘ਚ ਨਸ਼ਿਆਂ ਦੇ ਕੇਸਾਂ ਵਿੱਚ ਅਪਰਾਧ ਕਰਕੇ ਵਿਦੇਸ਼ ਦੌੜ ਜਾਣ ਵਾਲੇ ਮੁਲਜ਼ਮਾਂ ਤੇ ਉਨ੍ਹਾਂ ਨਾਲ ਗੰਢਤੁਪ ਕਰਨ ਤੇ ਮਦਦ ਕਰਨ ਵਾਲਿਆਂ ਨੂੰ ਦੇਸ਼ ਵਾਪਸ ਲੈ ਕੇ ਆਉਣਾ ਚਾਹੀਦਾ ਹੈ। ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠਲੇ ਬੈਂਚ ਨੇ ਵੀਰਵਾਰ ਨੂੰ ਡਰੱਗ ਕੇਸ ਦੀ ਸੁਣਵਾਈ ਕਰਦਿਆਂ ਆਖਿਆ ਕਿ ਪੰਜਾਬ ਤੇ ਕੁਝ ਹੋਰ ਰਾਜਾਂ ਵਿੱਚ ਨਸ਼ਿਆਂ ਦੀ ਵਰਤੋਂ ਦੀ ਸਮੱਸਿਆ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਇਨ੍ਹਾਂ ਗਰੋਹਾਂ ਦੇ ਸਰਗਣੇ ਅਕਸਰ ਵਿਦੇਸ਼ ਵਿੱਚ ਬੈਠ ਕੇ ਧੰਦਾ ਚਲਾਉਂਦੇ ਹਨ ਤੇ ਜੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸੰਜੀਦਾ ਯਤਨ ਨਹੀਂ ਕਰਦੀਆਂ ਤਾਂ ਉਨ੍ਹਾਂ ਤੱਕ ਅੱਪੜਨਾ ਆਸਾਨ ਨਹੀਂ ਹੁੰਦਾ।

ਬੈਂਚ ਨੇ ਆਖਿਆ ਕਿ ਮੁਲਜ਼ਮਾਂ ਨੂੰ ਭਗੌੜੇ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਸੰਪਤੀਆਂ ਜ਼ਬਤ ਤੇ ਕੁਰਕ ਕਰ ਕੇ ਕਾਨੂੰਨ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਲੋੜ ਹੈ। ਅਦਾਲਤ ਦੀਆਂ ਇਹ ਹਦਾਇਤਾਂ ਇੱਕ ਕੇਸ ਦੀ ਸੁਣਵਾਈ ਦੌਰਾਨ ਦਿੱਤੀਆਂ ਗਈਆਂ ਹਨ ਜਿਸ ਵਿੱਚ ਤਿੰਨ ਮੁਲਜ਼ਮਾਂ ਰਣਜੀਤ ਸਿੰਘ, ਹਰਦੀਪ ਸਿੰਘ ਸੰਧੂ ਤੇ ਗੁਰਵਿੰਦਰ ਸਿੰਘ ਨੂੰ ਮਾਰਚ 2010 ਵਿੱਚ ਇਸ਼ਤਿਹਾਰੀ ਮੁਜਰਮ ਐਲਾਨਿਆ ਗਿਆ ਸੀ। ਬੈਂਚ ਨੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਤਰਫੋਂ ਪੇਸ਼ ਹੋਏ ਵਕੀਲ ਤੋਂ ਅਦਾਲਤੀ ਹੁਕਮਾਂ ਤੋਂ ਬਾਅਦ ਕੀਤੀ ਗਈ ਕਾਰਵਾਈ ਬਾਰੇ ਵੀ ਪੁੱਛਿਆ।

ਇਸ ’ਤੇ ਵਕੀਲ ਨੇ ਜਵਾਬ ਦਿੱਤਾ ਕਿ ਇਸ਼ਤਿਹਾਰੀ ਮੁਜਰਮਾਂ ਦੀ ਚੱਲ ਤੇ ਅਚੱਲ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਲਈ ਕਈ ਕਦਮ ਚੁੱਕੇ ਗਏ ਹਨ। ਅਦਾਲਤੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਮੁਲਜ਼ਮ ਕੈਨੇਡਾ ਵਿਚ ਰਹਿ ਰਹੇ ਹਨ। ਜਦੋਂ ਉਨ੍ਹਾਂ ਦੀ ਸਪੁਰਦਗੀ ਲਈ ਕੀਤੇ ਗਏ ਯਤਨਾਂ ਬਾਰੇ ਪੁੱਛਿਆ ਗਿਆ ਤਾਂ ਵਕੀਲ ਨੇ ਦੱਸਿਆ ਕਿ ਇਸ ਸਬੰਧੀ ਸਿਰਫ ਲੁੱਕਆਊਟ ਨੋਟਿਸ ਭੇਜੇ ਗਏ ਸਨ।

ਇੱਥੇ ਸਿਰਫ ਬਾਦਲ ਹੀ ਕਰਾ ਸਕਦੇ ਨੇ ਅਖੰਡ ਪਾਠ? ਧਰਮ ਦੇ ਉੱਤੇ ਸਿਆਸੀ ਕਬਜ਼ਾ

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਵਿਖੇ ਬਾਦਲ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਦਾ ਅਖੰਡ ਪਾਠ ਬੁੱਕ ਨਹੀਂ ਕੀਤਾ ਜਾ ਰਿਹਾ। ਇਹ ਖੁਲਾਸਾ ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਦੀ ਅਗਵਾਈ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕੀਤਾ ਹੈ। ਉਨ੍ਹਾਂ ਇਸ ਗੱਲਬਾਤ ਦੀ ਆਡੀਓ ਰਿਕਾਰਡਿੰਗ ਹੋਣ ਦਾ ਵੀ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੂੰ ਪੱਤਰ ਸੌਂਪ ਕੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਦੀ ਅਪੀਲ ਕੀਤੀ ਹੈ।

ਇਹ ਪੱਤਰ ਜਥੇਬੰਦੀ ਦੇ ਕਾਰਕੁਨ ਸਰਬਜੀਤ ਸਿੰਘ ਵੇਰਕਾ ਤੇ ਹੋਰਨਾਂ ਵੱਲੋਂ ਅਕਾਲ ਤਖ਼ਤ ਦੇ ਸਕੱਤਰੇਤ ’ਚ ਦਿੱਤਾ ਗਿਆ ਹੈ।ਇਸ ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਬਾਦਲ ਪਰਿਵਾਰ ਵੱਲੋਂ 2012 ਤੋਂ ਨਿਰੰਤਰ ਅਖੰਡ ਪਾਠ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ਵਿੱਚ ਆਪਣੇ ਪੱਧਰ ’ਤੇ ਅਖੰਡ ਪਾਠ ਬੁੱਕ ਕਰਾਉਣ ਦਾ ਯਤਨ ਕੀਤਾ ਸੀ ਪਰ ਸ਼੍ਰੋਮਣੀ ਕਮੇਟੀ ਦੇ ਸਬੰਧਤ ਅਮਲੇ ਨੇ ਇਸ ਥਾਂ ’ਤੇ ਅਖੰਡ ਪਾਠ ਬੁੱਕ ਕਰਨ ਤੋਂ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਉੱਥੇ ਪਹਿਲਾਂ ਹੀ ਬੁਕਿੰਗ ਚੱਲ ਰਹੀ ਹੈ।

ਸਬੰਧਤ ਅਮਲੇ ਨੇ ਦੱਸਿਆ ਕਿ 2022 ਤੱਕ ਉੱਥੇ ਨਿਰੰਤਰ ਅਖੰਡ ਪਾਠ ਦੀ ਬੁਕਿੰਗ ਕੀਤੀ ਹੋਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਡਿਊਟੀ ’ਤੇ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਅਮਲੇ ਨੇ ਉਨ੍ਹਾਂ ਨੂੰ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉੱਚ ਅਧਿਕਾਰੀਆਂ ਨੇ ਇਸ ਥਾਂ ’ਤੇ ਆਮ ਸੰਗਤ ਜਾਂ ਸ਼ਰਧਾਲੂਆਂ ਦੇ ਅਖੰਡ ਪਾਠ ਬੁੱਕ ਕਰਨ ਤੋਂ ਮਨ੍ਹਾਂ ਕੀਤਾ ਹੋਇਆ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਆਖਿਆ ਕਿ ਉਹ ਇਸ ਮਸਲੇ ਬਾਰੇ ਪਤਾ ਲਾਉਣਗੇ।

ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਹਾਈਕੋਰਟ ਨੇ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਵੱਡਾ ਝਟਕਾ

ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਹਰਿਆਣਾ ਉੱਚ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਪੁਲਿਸ ਮੁਲਾਜ਼ਮਾਂ ਦੀ ਪਟੀਸ਼ਨ ਖਾਰਜ ਕਰਦਿਆਂ ਅਕਤੂਬਰ 2015 ਨੂੰ ਵਾਪਰੇ ਘਟਨਾਕ੍ਰਮ ਦੀ ਜਾਂਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕੀਤੇ ਜਾਣ ਨੂੰ ਜਾਇਜ਼ ਠਹਿਰਾਇਆ। ਇਸ ਦੇ ਨਾਲ ਹੀ ਹਾਈਕੋਰਟ ਨੇ ਗੋਲ਼ੀਕਾਂਡ ਦੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਤੋਂ ਐਸਆਈਟੀ ਵੱਲੋਂ ਪੁੱਛਗਿੱਛ ‘ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ।

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੇਅਦਬੀ ਮਾਮਲਿਆਂ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਜਾਂਚ ਰਿਪੋਰਟ ਖ਼ਿਲਾਫ਼ ਪਾਈਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ। ਐਸਐਸਪੀ ਚਰਨਜੀਤ ਸ਼ਰਮਾ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਖਿਲਾਫ ਪਾਈਆਂ ਗਈਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦੇ ਹੋਏ ਐਸਐਸਪੀ ਚਰਨਜੀਤ ਸ਼ਰਮਾ ਤੇ ਹੋਰ ਪੁਲਿਸ ਕਰਮੀਆਂ ਤੇ ਤਫ਼ਤੀਸ਼ ਦੀ ਲਾਈ ਸਟੇਅ ਨੂੰ ਵੀ ਹਟਾ ਦਿੱਤਾ ਹੈ। ਯਾਨੀ ਹੁਣ ਐਸਆਈਟੀ ਬੇਅਦਬੀ ਦੇ ਨਾਲ-ਨਾਲ ਗੋਲ਼ੀਕਾਂਡ ਦੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।

ਪਟੀਸ਼ਨ ਵਿੱਚ ਸ਼ਰਮਾ ਵੱਲੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵੀ ਖਾਰਜ ਕਰਨ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਪਟੀਸ਼ਨ ਦੀਆਂ ਸਾਰੀਆਂ ਮੰਗਾਂ ਰੱਦ ਕਰ ਦਿੱਤੀਆਂ ਤੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਐਸਆਈਟੀ ਹੀ ਕਰੇਗੀ।

ਕਾਂਗਰਸ ਤੇ ਅਕਾਲੀ ਦਲ ਦੇ ਸਮਝੌਤੇ ਦਾ ਟਕਸਾਲੀਆਂ ਨੇ ਕੀਤਾ ਖੁਲਾਸਾ

ਟਕਸਾਲੀ ਆਗੂਆਂ ਨੇ ਅਕਾਲੀ ਦਲ ‘ਤੇ ਕਾਂਗਰਸ ਨਾਲ ਸਮਝੌਤਾ ਹੋਣ ਦੇ ਦੋਸ਼ ਲਾਏ ਹਨ। ਟਕਸਾਲੀ ਦਲ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਸਮਝੌਤੇ ਬਾਬਤ ਸੁਖਬੀਰ ਬਾਦਲ ਨੂੰ ਖੁੱਲ੍ਹੀ ਬਹਿਸ ਕਰਨ ਲਈ ਵੀ ਵੰਗਾਰਿਆ ਹੈ। ਬ੍ਰਹਮਪੁਰਾ ਦੇ ਨਾਲ ਡਾ. ਰਤਨ ਸਿੰਘ ਅਜਨਾਲਾ, ਮਨਮੋਹਨ ਸਿੰਘ ਸਠਿਆਲਾ ਨੇ ਕੁਝ ਤਸਵੀਰਾਂ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਕੈਪਟਨ ਪਰਿਵਾਰ ਤੇ ਬਾਦਲ ਪਰਿਵਾਰ ਵਿਚਾਲੇ ਨੇੜਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰ ਇਕ ਦੂਜੇ ਦੇ ਸਮਾਗਮਾਂ ਵਿੱਚ ਵੀ ਸ਼ਾਮਲ ਹੁੰਦੇ ਹਨ ਤੇ ਇਸੇ ਨੇੜਤਾ ਕਰਕੇ ਹੀ ਬਾਦਲ ਤੇ ਕੈਪਟਨ ਨੇ ਸਿਆਸੀ ਸਮਝੌਤਾ ਕੀਤਾ ਸੀ।

ਉਨ੍ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਟਕਸਾਲੀਆਂ ਨੂੰ ਕਾਂਗਰਸ ਦੀ ‘ਬੀ’ ਟੀਮ ਦੱਸਣ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਪੇਸ਼ ਹੋ ਸਹੁੰ ਚੁੱਕਣ ਨੂੰ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੁਖਬੀਰ ਸੱਚਾ ਹੈ ਤਾਂ ਉਹ ਆਪਣੇ ਪਰਿਵਾਰ ਸਮੇਤ ਗੁਰੂ ਦੀ ਹਜ਼ੂਰੀ ਵਿੱਚ ਕਹੇ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸੌਦੇਬਾਜ਼ੀ ਨਹੀਂ ਸੀ ਹੋਈ।

ਟਕਸਾਲੀਆਂ ਨੇ ਇਹ ਵੀ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨਾਲ ਵੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਇਨ੍ਹਾਂ ਦਾ ਸਮਝੌਤਾ ਹੋਇਆ ਸੀ। ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੁਦ ਮੰਨਦੇ ਸਨ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਲੰਬੀ ਅਤੇ ਰਵਨੀਤ ਸਿੰਘ ਬਿੱਟੂ ਜਲਾਲਾਬਾਦ ਤੋਂ ਚੋਣਾਂ ਨਾ ਲੜਦੇ ਤਾਂ ਦੋਵੇਂ ਸੀਟਾਂ ਅਕਾਲੀ ਦਲ ਨੇ ਹਾਰ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਕੋਲ ਇਸ ਦਾ ਵਿਰੋਧ ਕੀਤਾ ਸੀ। ਬ੍ਰਹਮਪੁਰਾ ਨੇ ਸੁਖਬੀਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਮੀਡੀਆ ਸਾਹਮਣੇ ਇਸ ਮਾਮਲੇ ‘ਤੇ ਉਸ ਨਾਲ ਬਹਿਸ ਕਰਨ ਨੂੰ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਬਿਕਰਮ ਸਿੰਘ ਮਜੀਠੀਆ ’ਤੇ ਵੀ ਗੰਭੀਰ ਦੋਸ਼ ਲਾਏ।

ਸੁੱਖਬੀਰ ਬਾਦਲ ਨੇ ਕੱਢੀ ਰੱਜ ਕੇ ਭੜਾਸ ਭੁੱਲੇ ਟਕਸਾਲੀਆਂ ਦੀ ਇੱਜ਼ਤ

ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਟਕਸਾਲੀ ਲੀਡਰਾਂ ਦੀ ਇੱਜ਼ਤ ਭੁੱਲ ਗਈ ਹੈ। ਹੁਣ ਤੱਕ ਸੁਖਬੀਰ ਬਾਦਲ ਕਹਿੰਦੇ ਸੀ ਕਿ ਟਕਸਾਲੀ ਉਨ੍ਹਾਂ ਲਈ ਸਨਮਾਨਯੋਗ ਹਨ। ਬਾਗੀ ਟਕਸਾਲੀਆਂ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਸੁਖਬੀਰ ਬਾਦਲ ਉਨ੍ਹਾਂ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਹਨ। ਅੱਜ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਸਵੇਰ ਤੋਂ ਸ਼ਾਮ ਤੱਕ ਝੂਠ ਬੋਲਦੇ ਹਨ।

ਇਸ ਮੌਕੇ ਬਿਕਰਮ ਮਜੀਠੀਆ ਵੀ ਪਿੱਛੇ ਨਾ ਰਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਚਾਹੇ ਰਣਜੀਤ ਸਿੰਘ ਬ੍ਰਹਮਪੁਰਾ ਹਨ ਪਰ ਚੱਲ ਸਭ ਕੁਝ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਇਸ਼ਾਰੇ ‘ਤੇ ਹੀ ਹੈ। ਹੁਣ ਤੱਕ ਮੱਠੀ ਸੁਰ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬੁੱਧਵਾਰ ਨੂੰ ਕਿਹਾ ਸੀ ਕਿ ਜੋ ਪਾਰਟੀ ਨਾਲ ਗੱਦਾਰੀ ਕਰਦਾ ਹੈ, ਉਸ ਦਾ ਕੁਝ ਨਹੀਂ ਬਣਦਾ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਸੀ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੀਡਰ ਕਾਂਗਰਸ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ। ਇਸ ਮਗਰੋਂ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਆਪਣੇ ਪਰਿਵਾਰ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਆਉਣ ਤੇ ਉਹ ਵੀ ਆਪਣੇ ਪਰਿਵਾਰ ਨਾਲ ਆਉਣਗੇ, ਫਿਰ ਆਪੇ ਪਤਾ ਲੱਗ ਜਾਏਗਾ ਕੌਣ ਸੱਚਾ ਕੇ ਕੌਣ ਝੂਠਾ ਹੈ।

ਧਮਕ ਬੇਸ ਵਾਲਾ ਮੁੱਖ ਮੰਤਰੀ ਨਹੀਂ ਛਕੇਗਾ ਹੁਣ ਅੰਮ੍ਰਿਤ, ਮਾਪਿਆਂ ਨੇ ਦਿੱਤਾ ਵੱਡਾ ਬਿਆਨ ! ਹੁਣ ਗਾਵੇਗਾ ਹੋਰ ਗਾਣੇ

ਹੁਣ ਅੰਮ੍ਰਿਤ ਨਹੀਂ ਛਕੇਗਾ ‘ਧਮਕ ਬੇਸ ਵਾਲਾ ਮੁੱਖ ਮੰਤਰੀ’, ਗਾਵੇਗਾ ਹੋਰ ਗਾਣੇ, ਮਾਪਿਆਂ ਨੇ ਦਿੱਤਾ ਵੱਡਾ ਬਿਆਨ,ਸੋਸ਼ਲ ਮੀਡੀਆ ‘ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਵਾਲੇ ਲੜਕੇ ਦੀ ਖੂਬ ਚਰਚਾ ਹੋ ਰਹੀ ਹੈ। ਹਰ ਇੱਕ ਦੀ ਜੁਬਾਨ ‘ਤੇ ਮੁੱਖ ਮੰਤਰੀ ਦਾ ਨਾਮ ਹੈ। ਦੱਸ ਦੇਈਏ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਵਾਲੇ ਲੜਕੇ ਦੀ ਕਕਾਰ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਸੀ।

ਉਸ ਦੇ ਗੀਤ ਧਮਕ ਬੇਸ ਵਾਲੇ ਹੋਣ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਰਹੇ ਹਨ। ਕੁਝ ਲੋਕਾਂ ਵਲੋਂ ਇਸ ਦੇ ਗੀਤਾਂ ‘ਤੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਇਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ।

ਦੱਸ ਦੇਈਏ ਕਿ ਧਮਕ ਬੇਸ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ ਕਕਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਲਈ ਹੈ,ਜਿਸ ਉਪਰੰਤ ਧਰਮਪ੍ਰੀਤ ਦੇ ਪਰਿਵਾਰਿਕ ਮੈਂਬਰ ਕਾਫੀ ਖੁਸ਼ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਸਦਾ ਪੁੱਤ ਬੇਕਸੂਰ ਹੈ।

ਧਰਮਪ੍ਰੀਤ ਦੇ ਮਾਪਿਆਂ ਨੇ ਇੱਕ ਵੈੱਬ ਚੈਨਲ ਨੂੰ ਇੰਟਰਵਿਊ ਦਿੰਦਿਆਂ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਹੁਣ ਆਪਣੇ ਪੁੱਤਰ ਅੰਮ੍ਰਿਤ ਨਹੀਂ ਛਕਾਉਣਗੇ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੱਚਾ ਹੁਣ ਗਾਇਕੀ ਵਾਲੇ ਪਾਸੇ ਪੈ ਚੁੱਕਿਆ ਹੈ ਤੇ ਉਹ ਸਿਰਫ ਗਾਣਿਆਂ ਵੱਲ ਹੀ ਧਿਆਨ ਦੇਵੇਂਗਾ। ਉਹਨਾਂ ਦਾ ਕਹਿਣਾ ਹੈ ਕਿ ਉਸ ਨੇ ਗਾਣੇ ਗਾਉਣੇ ਹਨ ਕਈ ਵਾਰ ਚੰਗਾ ਗਾਣਾ ਵੀ ਗਾਇਆ ਜਾ ਸਕਦਾ ਤੇ ਮਾੜਾ ਵੀ।

ਇਸ ਮੌਕੇ ਧਰਮਪ੍ਰੀਤ ਦੀ ਮਾਤਾ ਨੇ ਕਿਹਾ ਕਿ ਪਿੰਡ ਵਾਸੀਆਂ ਉਹਨਾਂ ਦੇ ਪੁੱਤਰ ਉਸ ਗੰਭੀਰ ਇਲਜ਼ਾਮ ਲਗਾਏ ਸਨ ਇਕ ਉਹਨਾਂ ਦਾ ਬੱਚਾ ਗੰਦਾ ਹੈ, ਜਿਸ ਤੋਂ ਬਾਅਦ ਉਸ ਦੇ ਕਕਾਰ ਉਤਰਵਾ ਦਿੱਤੇ ਸਨ। ਹੁਣ ਮਾਪਿਆਂ ਦਾ ਇਹ ਹੀ ਕਹਿਣਾ ਹੈ ਕਿ ਧਰਮਪ੍ਰੀਤ ਨੂੰ ਅੰਮ੍ਰਿਤ ਨਹੀਂ ਛਕਵਾਇਆਂ ਜਾਵੇਗਾ ਤੇ ਹੁਣ ਸਰ ਉਹ ਗੀਤ ਹੀ ਗਾਵੇਗਾ।

ਜ਼ਿਕਰ ਏ ਖਾਸ ਹੈ ਕਿ ਮੁੱਖ ਮੰਤਰੀ ਹੁਣ ਇੱਕ ਤੋਂ ਬਾਅਦ ਇੱਕ ਨਵੇਂ ਗਾਣੇ ਲੈ ਕੇ ਆ ਰਿਹਾ ਹੈ।

ਸਰਕਾਰ ਨੇ ਦਿੱਤੀ ਅਸਲੇ ਦੇ ਸ਼ੌਕੀਨ ਪੰਜਾਬੀਆਂ ਨੂੰ ਵੱਡੀ ਖੁਸ਼ਖਬਰੀ

ਅਸਲਾ ਰੱਖਣ ਦੇ ਸ਼ੌਕੀਨਾਂ ਵਾਸਤੇ ਇੱਕ ਵੱਡੀ ਖੁਸ਼ਖ਼ਬਰੀ ਹੈ, ਪੰਜਾਬ ਸਰਕਾਰ ਨੇ ਅਸਲਾ ਲਾਈਸੈਂਸ ਦੀਆਂ ਫੀਸਾਂ ਵਿੱਚ ਕਟੌਤੀ ਕੀਤੀ ਹੈ, ਅਸਲਾ ਰੱਖਣ ਦੇ ਸ਼ੌਕੀਨਾਂ ਨੂੰ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰਦੇ ਹੋਏ ਅਸਲਾ ਲਾਇਸੈਂਸ ਫਾਈਲ ‘ਤੇ ਲੱਗਦੇ ਵਾਧੂ ਖਰਚੇ ਤੋਂ ਮੁਕਤ ਕਰ ਦਿੱਤਾ ਹੈ। ਸਰਕਾਰ ਨੇ ਨਵਾਂ ਅਸਲਾ ਬਣਵਾਉਣ ਵਾਲੇ ਲੋਕਾਂ ਨੂੰ ਛੋਟ ਦਿੰਦੇ ਹੋਏ ਕਿਹਾ ਕਿ ਜੋ ਅਸਲਾ ਲਾਇਸੈਂਸ ਦੀ ਫਾਈਲ ਸੀ, ਉਹ ਫੀਸ ‘ਚ ਵੱਖਰਾ ਖਰਚਾ ਮਿਲਾ ਕੇ ਕਰੀਬ 20 ਹਜ਼ਾਰ ‘ਚ ਬਣਦੀ ਸੀ ਪਰ ਹੁਣ ਇਹ ਵਾਧੂ ਖਰਚ ਸਰਕਾਰ ਨੇ ਮੁਆਫ ਕਰ ਦਿੱਤਾ ਹੈ।

ਇਸ ਕਰਕੇ ਨਵਾਂ ਅਸਲਾ ਲੈਣ ਲਈ ਲੋਕਾਂ ਦੀ ਭੀੜ ਲਗਾਤਾਰ ਵੱਧਦੀ ਜਾ ਰਹੀ ਹੈ।ਇਸ ਬਾਰੇ ‘ਚ ਬਠਿੰਡਾ ਦੇ ਪਿੰਡ ‘ਚ ਨੇੜੇ-ਤੇੜੇ ਤੋਂ ਆਏ ਲੋਕਾਂ ਤੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਅਸਲਾ ਲਾਇਸੈਂਸ ਦੀ ਫਾਈਲ ਖਰਚਾ 20 ਹਜ਼ਾਰ ਪੈਂਦਾ ਹੈ,

ਹੁਣ ਉਹ ਮੁਆਫ ਕਰ ਦਿੱਤਾ ਹੈ। ਇਸ ਦੇ ਲਈ ਕੋਈ ਵੀ ਫੀਸ ਨਹੀਂ ਦੇਣਾ ਪਵੇਗੀ। ਨਵਾਂ ਅਸਲਾ ਲੈਣ ‘ਚ ਜੋ ਫਾਰਮੈਲਿਟੀ ਆਉਂਦੀ ਹੈ, ਉਹੀ ਕਰਨੀ ਪਵੇਗੀ।

ਨਿਊਜ਼ੀਲੈਂਡ ਦੇ ਵਿਚ ਇਹ ਪੰਜਾਬਣ ਬਣੀ ਪਹਿਲੀ ਸਿੱਖ ਮਹਿਲਾ ਏਅਰ ਫੋਰਸ ਅਫਸਰ, ਬਹੁਤ ਮਾਣ ਵਾਲੀ ਗੱਲ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਮ ਨਗਰ ਢੇਹਾ ਦੀ 22 ਸਾਲਾ ਮੁਟਿਆਰ ਨੇ ਵੱਡਾ ਨਾਮਣਾ ਖੱਟਿਆ ਹੈ। ਰਵਿੰਦਰ ਕੌਰ ਪਹਿਗੁਰਾ ਨਿਊਜ਼ੀਲੈਂਡ ਏਅਰ ਫੋਰਸ ਵਿੱਚ ਅਫ਼ਸਰ ਲੱਗਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਰਵਿੰਦਰਜੀਤ ਕੌਰ ਦੇ ਜੱਦੀ ਘਰ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਉਸ ਦੀ ਦਾਦੀ ਨਿਰਮਲ ਕੌਰ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਵਿੰਦਰ ਦੇ ਪਿਤਾ ਗੁਰਪਾਲ ਸਿੰਘ ਤੇ ਮਾਤਾ ਮਨਵੀਰ ਕੌਰ ਦਾ ਵਿਆਹ 1987 ਵਿੱਚ ਹੋਇਆ ਸੀ। ਵਿਆਹ ਉਪਰੰਤ ਉਹ ਨਿਊਜ਼ੀਲੈਂਡ ਚਲੇ ਗਏ ਸਨ ਤੇ ਉੱਥੇ ਆਪਣੀ ਟ੍ਰਾਂਸਪੋਰਟ ਖੜ੍ਹੀ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਰਵਿੰਦਰ ਦਾ ਜਨਮ ਨਿਊਜ਼ੀਲੈਂਡ ਹੀ ਹੋਇਆ ਪਰ ਗੁਰਪਾਲ ਹੁਰੀਂ ਅਕਸਰ ਪੰਜਾਬ ਆਉਂਦੇ ਰਹਿੰਦੇ। ਉਨ੍ਹਾਂ ਦੀ ਮਿਹਨਤੀ ਧੀ ਨੇ ਪਿਛਲੇ ਸਾਲ ਹੀ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਇਸੇ ਦੌਰਾਨ ਉੱਥੋਂ ਦੀ ਹਵਾਈ ਫ਼ੌਜ ਵਿੱਚ ਭਰਤੀ ਹੋਣ ਲਈ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।

ਦਸੰਬਰ ਵਿੱਚ ਪੜ੍ਹਾਈ ਪੂਰੀ ਹੋਣ ਉਪਰੰਤ ਪੰਜਾਬੀ ਮੂਲ ਦੀ ਮੁਟਿਆਰ ਨਿਊਜ਼ੀਲੈਂਡ ਦੀ ਪਹਿਲੀ ਸਿੱਖ ਮਹਿਲਾ ਏਅਰ ਅਫ਼ਸਰ ਬਣ ਗਈ ਹੈ। ਪਿੰਡ ਦੀ ਕੁੜੀ ਦੇ ਇਸ ਵੱਡੇ ਮੁਕਾਮ ‘ਤੇ ਪਹੁੰਚਣ ‘ਤੇ ਮਿਠਾਈਆਂ ਵੰਡ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।