ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈੱਟ ਕਰਨ ਵਾਸਤੇ ਪੰਜਾਬੀਆਂ ਨੇ ਲਾਇਆ ਨਵਾਂ ਜੁਗਾੜ, ਕਰਤਾ ਪੁਲਿਸ ਨੇ ਫੇਲ!

ਪੰਜਾਬ ਵਿੱਚ ਬੱਚੇ ਚੋਰੀ ਕਰ ਵਿਦੇਸ਼ਾਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚਣ ਵਾਲੇ ਗਰੋਹ ਦੇ ਮੁਖੀ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਕਤ ਕਾਰੋਬਾਰੀ ਪੰਜਾਬ ਤੇ ਹੋਰ ਖੇਤੀ ਪ੍ਰਧਾਨ ਸੂਬਿਆਂ ਵਿੱਚੋਂ ਬੱਚੇ ਚੋਰੀ ਕਰ ਯੂਰਪ ਤੇ ਫਰਾਂਸ ਵਿੱਚ ਵੇਚਣ ਵਾਲੇ ਮਨੁੱਖੀ ਤਸਕਰਾਂ ਦਰਮਿਆਨ ਇੱਕ ਮੁੱਖ ਕੜੀ ਸੀ। ਇਹ ਤਸਕਰ ਮਾਪਿਆਂ ਤੋਂ ਉਨ੍ਹਾਂ ਦੀ ਮਰਜ਼ੀ ਨਾਲ ਬੱਚੇ ਲਿਜਾਂਦੇ ਸਨ ਤੇ ਲੱਖਾਂ ਰੁਪਏ ਵੀ ਵਸੂਲਦੇ ਸਨ। ਪੁਲਿਸ ਨੇ ਹਾਲੇ ਉਕਤ ਕਾਰੋਬਾਰੀ ਦੀ ਪਛਾਣ ਜਨਤਕ ਨਹੀਂ ਕੀਤੀ। ਉਕਤ ਗਰੋਹ ਬੱਚਿਆਂ ਨੂੰ ਵਿਦੇਸ਼ ਭੇਜਣ ਬਦਲੇ ਉਨ੍ਹਾਂ ਦੇ ਮਾਪਿਆਂ ਤੋਂ 10 ਲੱਖ ਰੁਪਏ ਵੀ ਵਸੂਲਦਾ ਸੀ।

ਇਹ ਮਨੁੱਖੀ ਤਸਕਰ ਫਰਾਂਸ ਦੇ ਕਾਨੂੰਨ ਵਿੱਚੋਂ ਚੋਰ ਮੋਰੀਆਂ ਤਲਾਸ਼ ਕੇ ਬੱਚਿਆਂ ਨੂੰ ਦੇਸ਼ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਕਰਦੇ ਸਨ। ਬੱਚੇ ਜਦ 18 ਸਾਲ ਦੇ ਹੋ ਜਾਂਦੇ ਸਨ ਤਾਂ ਉੱਥੋਂ ਦੀ ਨਾਗਰਿਕਤਾ ਹਾਸਲ ਕਰਨ ਦੇ ਯੋਗ ਹੋ ਜਾਂਦੇ ਸਨ। ਜਿੰਨਾ ਸਮਾਂ ਬੱਚੇ 18 ਸਾਲਾਂ ਦੇ ਨਹੀਂ ਸਨ ਹੁੰਦੇ ਓਨਾ ਚਿਰ ਉਨ੍ਹਾਂ ਨੂੰ ਵੱਖ-ਵੱਖ ਗੁਰਦੁਆਰਿਆਂ ਵਿੱਚ ਠਹਿਰਾਇਆ ਜਾਂਦਾ ਸੀ। ਪੁਲਿਸ ਮੁਤਾਬਕ ਉਕਤ ਕਾਰੋਬਾਰੀ ਨੇ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੇ 20 ਤੋਂ 30 ਨਾਬਾਲਗ਼ਾਂ ਨੂੰ ਫਰਾਂਸ, ਜਰਮਨ, ਸਵਿਟਜ਼ਰਲੈਂਡ ਤੇ ਯੂਰਪ ਦੇ ਹੋਰਨਾਂ ਦੇਸ਼ਾਂ ਵਿੱਚ ਭੇਜ ਚੁੱਕਾ ਹੈ।

ਮਾਮਲਾ ਉਦੋਂ ਰੌਸ਼ਨੀ ਵਿੱਚ ਆਇਆ ਜਦ ਸਾਲ 2017 ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀ ਈਥੋਪੀਅਨ ਏਅਰਲਾਈਨਜ਼ ਦੇ ਜਹਾਜ਼ ਵਿੱਚ ਚਾਰ ਨਾਬਾਲਗਾਂ ਸਮੇਤ ਚੜ੍ਹੇ ਸਨ। ਪ੍ਰਵਾਸ ਵਿਭਾਗ ਦੇ ਅਧਿਕਾਰੀਆਂ ਨੂੰ ਕੁਝ ਸ਼ੱਕ ਹੋਇਆ ਤਾਂ ਮਾਮਲੇ ਦੀ ਪੜਤਾਲ ਸ਼ੁਰੂ ਹੋਈ। ਬੱਚਿਆਂ ਨੂੰ ਤਸਕਰਾਂ ਵੱਲੋਂ ਤਸ਼ੱਦਦ ਵੀ ਕੀਤਾ ਜਾਂਦਾ ਸੀ ਕਿ ਉਹ ਕਿਸੇ ਦੇ ਪੁੱਛਣ ‘ਤੇ ਸਿਰਫ ਇਹੋ ਬਿਆਨ ਦੇਣ ਕਿ ਉਹ ਵਿਦੇਸ਼ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਜਾ ਰਹੇ ਹਨ। ਪੜਤਾਲ ਵਿੱਚ ਪਾਇਆ ਗਿਆ ਕਿ ਬੱਚਿਆਂ ਦੇ ਜਨਮ ਪ੍ਰਮਾਣ ਪੱਤਰ ਤੇ ਹੋਰ ਪਛਾਣ ਪੱਤਰ ਜਾਅਲੀ ਸਨ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਮਾਮਲੇ ਦੀ ਪੈਰਲੀ ਕੀਤੀ ਅਤੇ ਹੁਣ ਇਸ ਦਾ ਗਰੋਹ ਦਾ ਮੁੱਖ ਸਰਗਨਾ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਆਸ ਹੈ।