ਅਕਾਲੀ ਦਲ ਦੁਬਾਰਾ ਪਰਤਿਆ ਪੰਥਕ ਮੁੱਦਿਆਂ ਵੱਲ, ਮੁੜ ਚੁੱਕੇ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਹਥਿਆਰ

ਵਿਧਾਨ ਸਭਾ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਵੀ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਥਕ ਮੁੱਦਿਆਂ ਵੱਲ ਮੁੜਣਾ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਮੁੜ ਸਿਆਸਤ ਦੇ ਤਾਰ ਜੂਨ 1984 ਵਿੱਚ ਵਾਪਰੇ ਆਪ੍ਰੇਸ਼ਨ ਬਲੂ ਸਟਾਰ ਤੇ ਸਿੱਖ ਕਤਲੇਆਮ ਨਾਲ ਜੋੜ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਆਪ੍ਰੇਸ਼ਨ ਬਲੂ ਸਟਾਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਵੱਲੋਂ ਇਹ ਬਕਾਇਦਾ ਸ਼੍ਰੋਮਣੀ ਕਮੇਟੀ ਤੋਂ ਵੀ ਕਰਵਾਈ ਹੈ।

ਇਸ ਤੋਂ ਇਲਾਵਾ ਅਕਾਲੀ ਦਲ ਆਪ੍ਰੇਸ਼ਨ ਬਲੂ ਸਟਾਰ ਵੇਲੇ ਭਾਰਤੀ ਫੌਜ ਵੱਲੋਂ ਗਾਇਬ ਕੀਤੇ ਲਾਇਬ੍ਰੇਰੀ ਦੇ ਇਤਿਹਾਸਕ ਖਜ਼ਾਨੇ ਨੂੰ ਵਾਪਸ ਕਰਾਉਣ ਲਈ ਵੀ ਚਾਰਾਜੋਈ ਕਰ ਰਿਹਾ ਹੈ। ਇਸ ਬਾਰੇ ਵੀ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਵੀ ਅਕਾਲੀ ਦਲ ਸਰਗਰਮ ਹੋਇਆ ਹੈ। ਇਸ ਤਰ੍ਹਾਂ ਅਕਾਲੀ ਦਲ ਨੇ ਪੰਥਕ ਮੁੱਦਿਆਂ ਵੱਲ਼ ਮੁੜਨ ਦੀ ਰਣਨੀਤੀ ਘੜੀ ਹੈ।

ਉਧਰ, ਸ਼੍ਰੋਮਣੀ ਕਮੇਟੀ ਜੂਨ 1984 ਦੇ ਫ਼ੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਇਲਾਵਾ 37 ਹੋਰ ਗੁਰਦੁਆਰਿਆਂ ਵਿੱਚ ਵੀ ਯਾਦਗਾਰ ਬਣਾਉਣ ਜਾ ਰਹੀ ਸੀ। ਇਨ੍ਹਾਂ ਗੁਰਦੁਆਰਿਆਂ ਵਿੱਚ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਅਹਿਮ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਕਈ ਦਹਾਕਿਆਂ ਤੱਕ ਇਸ ਬਾਰੇ ਰਿਕਾਰਡ ਹੀ ਇਕੱਠਾ ਨਹੀਂ ਕੀਤਾ। ਹੁਣ ਇੱਕ ਸਬ ਕਮੇਟੀ ਬਣਾਈ ਜਾਵੇਗੀ। ਇਹ ਇਨ੍ਹਾਂ ਗੁਰਦੁਆਰਿਆਂ ਵਿੱਚ ਹੋਏ ਨੁਕਸਾਨ ਦੇ ਵੇਰਵੇ ਇਕੱਠੇ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਮੰਨਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼ਹੀਦੀ ਯਾਦਗਾਰ ਸਥਾਪਤ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ 37 ਗੁਰਦੁਆਰਿਆਂ ਵਿੱਚ ਹੁਣ ਤਕ ਕੁਝ ਨਹੀਂ ਕੀਤਾ ਗਿਆ।

ਹਾਸਲ ਜਾਣਕਾਰੀ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਤੋਂ ਇਲਾਵਾ 37 ਗੁਰਦੁਆਰਿਆਂ ਨੂੰ ਫ਼ੌਜੀ ਹਮਲੇ ਸਮੇਂ ਨਿਸ਼ਾਨਾ ਬਣਾਇਆ ਗਿਆ ਸੀ। ਇੱਥੇ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਪਟਿਆਲਾ ਦੇ ਗੁਰਦੁਆਰੇ ਵਿੱਚ 17 ਵਿਅਕਤੀ ਫ਼ੌਜੀ ਹਮਲੇ ਦਾ ਨਿਸ਼ਾਨਾ ਬਣੇ ਸਨ। ਇਸੇ ਤਰ੍ਹਾਂ ਮੁਕਤਸਰ, ਤਰਨ ਤਾਰਨ, ਫਗਵਾੜਾ, ਬੰਗਾ, ਬਟਾਲਾ ਤੇ ਹੋਰ ਗੁਰਦੁਆਰਿਆਂ ਵਿਚ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਾਨੀ-ਮਾਲੀ ਨੁਕਸਾਨ ਦੇ ਵੇਰਵੇ ਇਕੱਠੇ ਕਰਕੇ ਇਸ ਨੂੰ ਇਨ੍ਹਾਂ ਗੁਰਦੁਆਰਿਆਂ ਵਿਚ ਇਤਿਹਾਸ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ।

ਦਰਅਸਲ ਪਿਛਲੇ ਕੁਝ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲਿਆਂ ਤੋਂ ਦੂਰ ਚਲੀ ਗਈ ਹੈ। ਸ਼੍ਰੋਮਣੀ ਕਮੇਟੀ ਉੱਪਰ ਅਕਾਲੀ ਦਲ ਦਾ ਹੀ ਕਬਜ਼ਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੇ ਵੀ ਅਕਾਲੀ ਦਲ ਦੀ ਸਿਆਸੀ ਲੀਹ ‘ਤੇ ਚੱਲ਼ਦਿਆਂ ਇਨ੍ਹਾਂ ਪੰਥਕ ਮੁੱਦਿਆਂ ਤੋਂ ਦੂਰੀ ਬਣਾਈ ਰੱਖੀ। ਹੁਣ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਹੈ। ਇਸ ਕਰਕੇ ਅਕਾਲੀ ਦਲ ਨੇ ਮੁੜ ਪੰਥਕ ਮੁੱਦਿਆਂ ਵੱਲ਼ ਮੁੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਇਸ ਹਥਿਆਰ ਨਾਲ ਹੀ ਕਾਂਗਰਸ ਨੂੰ ਟੱਕਰਿਆ ਜਾ ਸਕਦਾ ਹੈ।