ਪੰਜਾਬ ਦੇ ਬੁਰੇ ਹਲਾਤ ਕਾਂਗਰਸੀ ਕੌਸਲਰ ਦੇ ਭਰਾ ਨੇ ਔਰਤ ਦੀ ਕੀਤੀ ਬੇਰਿਹਮੀ ਨਾਲ ਕੁੱਟਮਾਰ, ਕਿੱਥੇ ਹੈ ਪੰਜਾਬ ਦਾ ਕੈਪਟਨ?

ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ‘ਤੇ ਕਈ ਨੌਜਵਾਨਾਂ ਵੱਲੋਂ ਨੇ ਇੱਕ ਘਰ ਵਿੱਚ ਰਹਿੰਦੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਣ ਦੀ ਘਟਨਾ ਸਾਹਮਣੇ ਆਈ ਹੈ। ਉਕਤ ਨੌਜਵਾਨਾਂ ਵਿੱਚੋਂ ਇੱਕ ਮੁਕਤਸਰ ਦੇ ਵਾਰਡ ਨੰਬਰ 29 ਦੇ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਹੈ। ਰਾਕੇਸ਼ ਚੌਧਰੀ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਉਸ ਦੇ ਭਰਾ ਸੰਨੀ ਚੌਧਰੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਮੀਨਾ ਰਾਣੀ ਨਾਂਅ ਦੀ ਔਰਤ ਤੇ ਉਸ ਦੀਆਂ ਸਾਥਣਾਂ ਨੂੰ ਕੁੱਟਿਆ। ਇਸ ਘਟਨਾ ਨੂੰ ਮਹਿਲਾ ਦੇ ਬੱਚੇ ਨੇ ਮੋਬਾਈਲ ਵਿੱਚ ਕੈਦ ਕਰ ਲਿਆ।

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨੌਜਵਾਨ ਨੇ ਮਹਿਲਾ ਨੂੰ ਵਾਲਾਂ ਤੋਂ ਘੜੀਸ ਕੇ ਘਰ ਤੋਂ ਬਾਹਰ ਸੜਕ ‘ਤੇ ਲਿਜਾ ਕੇ ਕੁੱਟਿਆ। ਕੌਂਸਲਰ ਦਾ ਭਰਾ ਸੰਨੀ ਤੇ ਉਸ ਦੇ ਸਾਥੀ ਨੌਜਵਾਨ ਔਰਤ ‘ਤੇ ਅਣਗਿਣਤ ਵਾਰ ਕਰਦੇ ਹਨ। ਨੌਜਵਾਨ ਬੈਲਟ ਦੇ ਨਾਲ-ਨਾਲ ਮੀਨਾ ਰਾਣੀ ਨੂੰ ਥੱਪੜ, ਘਸੁੰਨ ਤੇ ਲੱਤਾਂ ਵੀ ਮਾਰਦੇ ਹਨ। ਇੰਨਾ ਹੀ ਨਹੀਂ ਜੋ ਵੀ ਉਸ ਔਰਤ ਨੂੰ ਛੁਡਾਉਣ ਜਾਂਦਾ ਉਸ ਨੂੰ ਨੌਜਵਾਨ ਕੁੱਟਣ ਲੱਗਦੇ ਹਨ। ਵੀਡੀਓ ਵਿੱਚ ਸੰਨੀ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਸ ਔਰਤ ਨੇ ਉਸ ਦੀ ਪਤਨੀ ਨਾਲ ਬਦਤਮੀਜ਼ੀ ਕਿਵੇਂ ਕੀਤੀ। ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੇ ਆਪਣੇ ਭਰਾ ਦਾ ਪੱਖ ਲੈਂਦਿਆਂ ਕਿਹਾ ਕਿ ਸੰਨੀ 25,000 ਰੁਪਏ ਵਾਪਸ ਲੈਣ ਗਿਆ ਸੀ, ਪਰ ਉਸ ਔਰਤ ਨੇ ਉਸ ਦੀ ਭਰਜਾਈ ਨੂੰ ਮੰਦਾ ਬੋਲਿਆ ਅਤੇ ਉਨ੍ਹਾਂ ਦੀ ਤਕਰਾਰ ਹੋ ਗਈ।

ਕੌਂਸਲਰ ਰਾਕੇਸ਼ ਚੌਧਰੀ ਇਹ ਵੀ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਜਿਸ ਔਰਤ ਨਾਲ ਉਸ ਦੇ ਭਰਾ ਨੇ ਕੁੱਟ ਮਾਰ ਕੀਤੀ ਹੈ ਉਹ ਵੀ ਉਨ੍ਹਾਂ ਦੀ ਰਿਸ਼ਤੇਦਾਰ ਹੈ ਅਤੇ ਇਹ ਮਾਮਲਾ ਉਨ੍ਹਾਂ ਦਾ ਆਪਸੀ ਹੈ। ਆਪਣੇ ਭਰਾ ਦਾ ਪੱਖ ਲੈਂਦਿਆਂ ਕਾਂਗਰਸੀ ਲੀਡਰ ਨੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਭਰਾ ਕਿਹੜਾ ਕਿਰਪਾਨਾਂ ਲੈ ਕੇ ਗਿਆ ਸੀ, ਗੁੱਸਾ ਸੀ ਕੱਢ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਸੰਨੀ ਦੀ ਪਤਨੀ ਵੀ ਹਸਪਤਾਲ ਦਾਖ਼ਲ ਹੈ ਇਸ ਦੇ ਬਾਵਜੂਦ ਉਸ ਨੇ ਪੁਲਿਸ ਨੂੰ ਸਰੰਡਰ ਵੀ ਕਰ ਦਿੱਤਾ ਹੈ।

ਇਸ ਮਾਮਲੇ ਵਿੱਚ ਮੁਕਤਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਇਹ ਮਾਮਲਾ ਉਧਾਰ ਦਿੱਤੇ ਪੈਸੇ ਮੰਗਣ ਤੋਂ ਵਿਗੜਿਆ ਹੈ। ਉਨ੍ਹਾਂ ਕਿਹਾ ਕਿ 10 ਵਿਅਕਤੀਆਂ ‘ਤੇ ਕੇਸ ਦਰਜ ਕਰਕੇ ਛੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਿਰਾਸਤ ਵਿੱਚ ਲਏ ਵਿਅਕਤੀਆਂ ਵਿੱਚ ਸੰਨੀ ਚੌਧਰੀ ਵੀ ਸ਼ਾਮਲ ਹੈ। ਪੁਲਿਸ ਬਾਕੀਆਂ ਦੀ ਭਾਲ ਕਰ ਰਹੀ ਹੈ।