ਆਪਣੀ ਐਮ ਐਸ ਈ ਦੀ ਪੜਾਈ ਕੀਤੀ ਧੀ ਦਾ ਰਿਸ਼ਤਾ ਜਦੋ ਇੱਕ ਬਾਪ ਨੇ ਕਰ ਦਿੱਤਾ 12 ਪੜੇ 27 ਕਿੱਲਿਆਂ ਦੇ ਮਾਲਕ ਨਾਲ

ਜਿੰਦੂ ਨੇ ਐੱਮ . ਐੱਸ . ਈ . ਕੰਪਿਊਟਰ ਸਾਇੰਸ ਕਰ ਲਈ ਸੀ । ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ । ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ , ਮੁੰਡੇ ਨੂੰ 27 ਕਿੱਲੇ ਆਉਂਦੇ ਆ , ਬਾਰਾਂ ਪੜਿਆ , ਜੀ . ਟੀ ਰੋਡ ਤੇ ਤਕੜੀ ਕੋਠੀ ਪਾਈ ਐ । ਨਾਲੇ ਮੁੰਡਾ ਸੋਹਣਾ ਵੀ ਬਹੁਤ ਐ । ਰੋਟੀ ਖਾਂਦੀਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ । ਜੀ ਫੇਰ ਲੈਣ ਦੇਣ ਕੀ ਹੋਊ , ਉਹ ਵੀ ਪੁੱਛ ਲੈਣਾ ਸੀ । ਅਖੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ । ਝੱਲੀਏ ਅੱਜ ਕੱਲ੍ਹ ਕਿੱਲੇ ਪਿੱਛੇ ਲੱਖ ਚਲਦਾ ਜੇ ਸਤਾਈ ਕਿੱਲੇ ਐ ਤਾਂ ਸਿੱਧਾ ਸਤਾਈ ਲੱਖ ਬਣਦਾ । ਕੋਈ ਨਾ ਲਾ ਦਿਆਂਗੇ ਕੱਲੀ ਧੀ ਆ ਆਪਣੇ , ਨਾਲੇ ਤੈਨੂੰ ਕਾਹਦਾ ਫਿਕਰ ਆ , ਸਭ ਕੁਝ ਹੈਗਾ ਆਪਣੇ ।

ਆਪਣੀ ਲਾਡੋ ਨੂੰ ਕਿਸੇ ਚੀਜ਼ ਦੀ ਤੋਟ ਨੀ ਆਉਣੀ ਐਡੇ ਤਕੜੇ ਘਰੇ । ਆਖਦੀਆਂ ਹਰਚਰਨ ਸਿਓ ਬੈਠਕ ਵੱਲ ਚਲਾ ਗਿਆ । ਜਿੰਦੂ ਵੀ ਸਾਰਾ ਕੁਝ ਸੁਣੀ ਜ਼ਾਦੀ ਸੀ । ਉਹ ਰਾਤ ਨੂੰ ਮੰਜੇ ਤੇ ਪਈ ਡੂੰਘੀਆਂ ਸੋਚਾਂ ਵਿੱਚ ਪੈ ਗਈ , ਦੇਖੀਂ ਬਾਪੂ ਐਨੇ ਪੈਸੇ ਲਾਊਗਾ ਮੇਰੇ ਵਿਆਹ ਤੇ ਨਾਲੇ ਮੁੰਡਾ ਤਾਂ ਬਾਰਾਂ ਈ ਪੜ੍ਹਿਆ ਮੈਂ ਐਮ . ਐੱਸ . ਈ ਕੀਤੀ ਆ । ਬਾਪੂ ਨੇ ਮੇਰੀ ਪੜ੍ਹਾਈ ਨੀ ਦੇਖੀ ਮੁੰਡੇ ਦੀ ਜ਼ਮੀਨ ਦੇਖ ਲਈ , ਕਹਿ ਤਾਂ ਕੀ ਸਕਦੀ ਆਂ , ਚਲ ਜਿਵੇਂ ਹੋਣਾ । ਸੋਚਾਂ ਦਾ ਪੱਲਾ ਸਮੇਟਦੀ ਜਿੰਦੂ ਆਪਣੇ ਆਪ ‘ਚ’ਗੁੱਸਾ ਹੋ ਕੇ ਸੌ ਗਈ । ਰਾਜ਼ੀ ਖੁਸ਼ੀ ਵਿਆਹ ਹੋ ਗਿਆ । ਹਰਚਰਨ ਸਿਓ ਨੇ ਰੁਪਇਆ ਪੂਰਾ ਤੀਹ ਲੱਖ ਲਾਇਐ , ਖੁੰਢਾ ਤੇ ਬੈਠੇ ਲੋਕ ਉੱਚੀ ਉੱਚੀ ਗੱਲਾਂ ਕਰਦੇ ਸੀ ।

ਸਾਲ ਬੀਤ ਗਿਆ ਤੇ ਜਿੰਦੂ ਨੇ ਇੱਕ ਧੀ ਨੂੰ ਜਨਮ ਦਿੱਤਾ । ਉਸੇ ਦਿਨ ਤੋਂ ਸਹੁਰੀਆਂ ਦੇ ਮੱਥੇ ਵੱਟ ਪੈ ਗੇ । ਬਸ ਫੇਰ ਤਾਂ ਆਨੇ ਬਹਾਨੇ ਕਲੇਸ਼ ਈ ਭਾਲਦੇ ਸੀ । ਇੱਕ ਦਿਨ ਤਾਂ ਹੱਦ ਈ ਹੋ ਗੀ , ਨਸ਼ੇ ‘ਚ’ ਟੁੰਨ ਜਿੰਦੂ ਦੇ ਘਰਵਾਲੇ ਨੇ ਜਿੰਦੂ ਦੇ ਗਰਮ ਚਿਮਟੀਆਂ ਨਾਲ ਸਾਰੇ ਹੱਥ ਸਾੜ ਦਿੱਤੇ । ਪੱਥਰ ਦਿਲ ਟੱਬਰ ਨੇ ਰੋਕਿਆ ਵੀ ਨਾ । ਚੱਕ ਕੇ ਹਸਪਤਾਲ ਦਾਖਲ ਕਰਾ ਤਾ , ਅਖੇ ਰਸੋਈ ‘ਚ’ ਕੰਮ ਕਰਦੀ ਸੀ , ਅੱਗ ਪੈ ਗੀ । ਪਤਾ ਲੈਣ ਆਏ ਬਾਪੂ ਨੂੰ ਦੇਖ ਜਿੰਦੂ ਭੁੱਬਾਂ ਮਾਰ – ਮਾਰ ਰੋ ਪਈ ਤੇ ਉਸ ਦੇ ਅੰਦਰ ਦਾ ਦਰਦ ਮੂੰਹੋਂ ਫੁੱਟਿਆ , ਬਾਪੂ ਤੂੰ ਮੇਰਾ ਰਿਸ਼ਤਾ ਇਨਸਾਨ ਨਾਲ ਨੀ , ਕਿੱਲ੍ਹੀਆਂ ਨਾਲ ਕਰਤਾ । ਧੀ ਦੀ ਹਾਲਤ ਦੇਖ ਹਰਚਰਨ ਸਿਓ ਡੌਰ ਭੌਰ ਹੋਇਆ ਖੜ੍ਹਾ ਸੀ ।

ਇਹ ਬਿਲਕੁੱਲ ਸੱਚ ਹੈ , ਜਦੋਂ ਵੀ ਕਿਸੇ ਕੁੜੀ ਦੇ ਰਿਸਤੇ ਦੀ ਗੱਲ ਤੁਰਦੀ ਆ , ਮਾਂ – ਪਿਓ ਦੇ ਮੂੰਹ ਤੇ ਪਹਿਲੀ ਗੱਲ ਇਹੀ ਆਉਂਦੀ ਕਿ “ਮੁੰਡੇ ਨੂੰ ਪੈਲੀ ਕਿੰਨੀ ਆਉਂਦੀ” । ਸਾਡੀ ਕੁੰਡੀ ਬਸ ਕਿੱਲੀਆਂ ਤੇ ਜਾ ਕੇ ਅੜਗੀ । ਅੱਜਕੱਲ ਚੰਗੇ ਰਿਸ਼ਤੇ ਦਾ ਮਤਲਬ ਵੀ ਕਿੱਲੀਆਂ ਨਾਲ ਜੁੜ ਗਿਆ । ਜੇ ਮੁੰਡੇ ਨੂੰ 20 – 25 ਕਿੱਲੇ ਆਉਂਦੇ ਹੋਣ ਤਾਂ ਕਹਿਣਗੇ , ਬਹੁਤ ਚੰਗਾ ਘਰ ਲੱਭਿਆ ਬੀ ਕੁੜੀ ਦੇ ਪਿਓ ਨੇ । ਕਿੱਲ੍ਹੇ ਜਿਆਦਾ ਹੋਣ ਦਾ ਇਹ ਮਤਲਬ ਨੀ ਕਿ ਘਰ ਬਹੁਤ ਚੰਗਾ ਹੈ ।

ਜੇ ਕਿਸੇ ਦਾ ਸੁਭਾਅ ਮਾੜਾ ਹੈ ਤਾਂ ਕੁੜੀ ਦੇ ਰਿਸ਼ਤੇ ਲਈ ਉਹ ਘਰ ਮਾੜਾ ਹੀ ਹੈ , ਫਿਰ ਚਾਹੇ ਮੁੰਡੇ ਨੂੰ 50 ਕਿੱਲ੍ਹੇ ਆਉਂਦੇ ਹੋਣ । ਇਹੋ ਜਿਹੇ ਘਰ ਕੁੜੀ ਵਿਆਹਤੀ ਤਾਂ ਕੁੜੀ ਨੂੰ ਸਾਰੀ ਉਮਰ ਦੁੱਖਾਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਣਾ । ਹੋ ਸਕਦਾ ਹੈ ਕਿਸੇ 5 ਕਿੱਲੇ ਵਾਲੇ ਦਾ ਸੁਭਾਅ ਐਨਾਂ ਚੰਗਾ ਹੋਵੇ ਕਿ ਉਹ ਆਪਣੇ ਘਰ ਵਿਆਹੀ ਆਈ ਨੂੰ ਰਾਣੀ ਬਣਾ ਕੇ ਰੱਖੇ । ਸਾਨੂੰ ਇਹ ਸਮਝਣਾ ਪੈਣਾ ਕਿ ਸੁਖੀ ਜੀਵਨ ਜਿਓੁਣ ਲਈ ਲੱਖਾਂ ਕਰੋੜਾਂ ਰੁਪਏ ਹੋਣਾ ਜਰੂਰੀ ਨਹੀ , ਬਸ ਲੋੜਾਂ ਪੂਰੀਆਂ ਕਰਨ ਜੋਗੇ ਪੈਸੇ ਹੋਣ ਤੇ ਪਿਆਰ ਕਰਨ ਵਾਲੇ ਕੁਝ ਲੋਕ…
ਟੌਹੜਾ ਵੀਰ ਗੈਰੀ ਗਲਤੀ ਲਈ ਮਾਫ ਕਰਣਾ